India-Canada Ties: ਦਿਨੇਸ਼ ਕੇ ਪਟਨਾਇਕ ਹੋ ਸਕਦੇ ਹਨ ਕੈਨੇਡਾ ’ਚ ਭਾਰਤ ਦੇ ਅਗਲੇ High Commissioner
ਨਵੀਂ ਦਿੱਲੀ, 19 ਜੂਨ
ਮਾਮਲੇ ਤੋਂ ਜਾਣੂ ਲੋਕਾਂ ਨੇ ਵੀਰਵਾਰ ਨੂੰ ਕਿਹਾ ਕਿ ਤਜਰਬੇਕਾਰ ਡਿਪਲੋਮੈਟ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਵਿੱਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਦੋਵੇਂ ਧਿਰਾਂ 2023 ਵਿੱਚ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਤੋਂ ਬਾਅਦ ਗੰਭੀਰ ਤਣਾਅ ਵਿੱਚ ਆਏ ਦੁਵੱਲੇ ਸਬੰਧਾਂ ਨੂੰ ਮੁੜ ਬਿਹਤਰ ਬਣਾਉਣ 'ਤੇ ਵਿਚਾਰ ਕਰ ਰਹੀਆਂ ਹਨ।
ਭਾਰਤੀ ਵਿਦੇਸ਼ ਸੇਵਾ (Indian Foreign Service officer) 1990 ਬੈਚ ਦੇ ਅਧਿਕਾਰੀ ਪਟਨਾਇਕ (Dinesh K Patnaik) ਇਸ ਸਮੇਂ ਸਪੇਨ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾ ਰਹੇ ਹਨ।
ਗ਼ੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ (Canadian Prime Minister Mark Carney) ਮੰਗਲਵਾਰ ਨੂੰ ਭਾਰਤ-ਕੈਨੇਡਾ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਲਈ "ਰਚਨਾਤਮਕ" ਕਦਮ ਚੁੱਕਣ 'ਤੇ ਸਹਿਮਤ ਹੋਏ ਸਨ। ਇਸ ਰਜ਼ਾਮੰਦੀ ਵਿਚ ਇੱਕ ਦੂਜੇ ਦੀਆਂ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਦੀ ਜਲਦ ਵਾਪਸੀ ਵੀ ਸ਼ਾਮਲ ਹੈ।
ਇਸ ਤੋਂ ਪਹਿਲਾਂ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ (Khalistani separatist Hardeep Singh Nijjar) ਦੀ ਹੱਤਿਆ ਨੂੰ ਲੈ ਕੇ ਸਫ਼ਾਰਤੀ ਵਿਵਾਦ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧ ਸਭ ਤੋਂ ਹੇਠਲੇ ਪੱਧਰ 'ਤੇ ਆ ਗਏ।
ਜਾਣਕਾਰੀ ਮੁਤਾਬਕ ਸਪੇਨ ਵਿੱਚ ਪਟਨਾਇਕ ਦੀ ਥਾਂ ਜਯੰਤ ਖੋਬਰਾਗੜੇ ਨੂੰ ਭਾਰਤ ਦਾ ਰਾਜਦੂਤ ਲਾਇਆ ਜਾ ਸਕਦਾ ਹੈ। ਖੋਬਰਾਗੜੇ ਇਸ ਸਮੇਂ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਦੇ ਸੰਗਠਨ (ਆਸੀਆਨ) ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾ ਰਹੇ ਹਨ। -ਪੀਟੀਆਈ