ਭਾਰਤ ਨੇ ਵੀਰਵਾਰ ਨੂੰ ਰੂਸ ਤੋਂ ਮੰਗ ਕੀਤੀ ਹੈ ਕਿ ਉਹ ਰੂਸੀ ਫ਼ੌਜ ’ਚ ਭਾਰਤੀ ਨਾਗਰਿਕਾਂ ਨੂੰ ਸਹਾਇਕ ਅਮਲੇ ਵਜੋਂ ਭਰਤੀ ਕਰਨਾ ਬੰਦ ਕਰੇ। ਰੂਸੀ ਫ਼ੌਜ ਵੱਲੋਂ ਭਾਰਤੀਆਂ ਦੀ ਤਾਜ਼ਾ ਭਰਤੀ ਦੀਆਂ ਰਿਪੋਰਟਾਂ ਮਗਰੋਂ ਭਾਰਤ ਨੇ ਰੂਸੀ ਫ਼ੌਜ ’ਚ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਛੱਡਣ ਦੀ ਮੰਗ ਕੀਤੀ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਚੌਕਸ ਕੀਤਾ ਹੈ ਕਿ ਉਹ ‘ਜੋਖਮਾਂ ਅਤੇ ਖ਼ਤਰਿਆਂ’ ਦੇ ਮੱਦੇਨਜ਼ਰ ਰੂਸੀ ਫ਼ੌਜ ’ਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਨਾ ਮੰਨਣ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਹੁਣੇ ਜਿਹੇ ਰੂਸੀ ਫ਼ੌਜ ’ਚ ਭਾਰਤੀ ਨਾਗਰਿਕਾਂ ਦੀ ਭਰਤੀ ਦੀਆਂ ਰਿਪੋਰਟਾਂ ਦੇਖੀਆਂ ਹਨ। ਸਰਕਾਰ ਨੇ ਬੀਤੇ ਇਕ ਸਾਲ ’ਚ ਕਈ ਮੌਕਿਆਂ ’ਤੇ ਅਜਿਹੀ ਕਾਰਵਾਈ ’ਚ ਸ਼ਾਮਲ ਜੋਖਮਾਂ ਅਤੇ ਖ਼ਤਰਿਆਂ ਦਾ ਜ਼ਿਕਰ ਕੀਤਾ ਹੈ ਅਤੇ ਉਸੇ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਚੌਕਸ ਕੀਤਾ ਜਾਂਦਾ ਰਿਹਾ ਹੈ।’’ ਜੈਸਵਾਲ ਇਸ ਮੁੱਦੇ ’ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਅਤੇ ਮਾਸਕੋ ਦੋਵੇਂ ਥਾਵਾਂ ’ਤੇ ਰੂਸੀ ਅਧਿਕਾਰੀਆਂ ਨਾਲ ਵੀ ਇਸ ਮਾਮਲੇ ਨੂੰ ਚੁੱਕਿਆ ਹੈ ਅਤੇ ਆਖਿਆ ਹੈ ਕਿ ਅਜਿਹੀ ਭਰਤੀ ਨੂੰ ਬੰਦ ਕੀਤਾ ਜਾਵੇ ਅਤੇ ਸਾਡੇ ਨਾਗਰਿਕਾਂ ਨੂੰ ਛੱਡਿਆ ਜਾਵੇ। ਅਸੀਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ’ਚ ਵੀ ਹਾਂ।’’ ਜੈਸਵਾਲ ਨੇ ਕਿਹਾ ਕਿ ਉਹ ਦੁਬਾਰਾ ਸਾਰੇ ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ’ਚ ਸ਼ਾਮਲ ਹੋਣ ਦੀ ਕਿਸੇ ਵੀ ਪੇਸ਼ਕਸ਼ ਨੂੰ ਨਾ ਮੰਨਣ ਦੀ ਪੁਰਜ਼ੋਰ ਅਪੀਲ ਕਰਦੇ ਹਨ ਕਿਉਂਕਿ ਇਹ ਰਾਹ ਖ਼ਤਰਿਆਂ ਨਾਲ ਭਰਿਆ ਹੋਇਆ ਹੈ। ਭਾਰਤ, ਰੂਸ ਨੂੰ ਆਪਣੀ ਫ਼ੌਜ ’ਚ ਕੁੱਕ ਅਤੇ ਹੈਲਪਰ ਜਿਹੇ ਕੰਮਾਂ ਲਈ ਭਰਤੀ ਕੀਤੇ ਗਏ ਭਾਰਤੀਆਂ ਨੂੰ ਛੱਡਣ ਦੀ ਵਾਰ-ਵਾਰ ਅਪੀਲ ਕਰਦਾ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਰੂਸ ਦੇ ਆਪਣੇ ਦੌਰੇ ਦੌਰਾਨ ਵੀ ਇਹ ਮੁੱਦਾ ਚੁੱਕਿਆ ਸੀ। -ਪੀਟੀਆਈ
ਪਰਾਏ ਮੁਲਕ ਲਈ ਦਾਅ ’ਤੇ ਲੱਗੀਆਂ ਜਾਨਾਂ
ਉਜਵਲ ਜਲਾਲੀ
ਨਵੀਂ ਦਿੱਲੀ, 11 ਸਤੰਬਰ
ਯੂਕਰੇਨ ’ਚ ਜੰਗ ਲੜਨ ਲਈ ਰੂਸੀ ਫ਼ੌਜ ’ਚ ਕਰੀਬ 9 ਹੋਰ ਭਾਰਤੀਆਂ ਦੇ ਭਰਤੀ ਹੋਣ ਦੀਆਂ ਰਿਪੋਰਟਾਂ ਨੇ ਪੀੜਤ ਪਰਿਵਾਰਾਂ ਦੇ ਦੁੱਖਾਂ ’ਚ ਵਾਧਾ ਕਰ ਦਿੱਤਾ ਹੈ। ਪੰਜਾਬ, ਹਰਿਆਣਾ ਅਤੇ ਜੰਮੂ ਦੇ ਕਈ ਨੌਜਵਾਨ ਪਹਿਲਾਂ ਹੀ ਜੰਗ ’ਚ ਫਸੇ ਹੋਏ ਹਨ ਅਤੇ ਹੁਣ ਉਹ ਪਰਿਵਾਰਾਂ ਨੂੰ ਵੀਡੀਓਜ਼ ਰਾਹੀਂ ਸੁਨੇਹੇ ਭੇਜ ਕੇ ਜਾਨ ਬਚਾਉਣ ਦੀਆਂ ਅਪੀਲਾਂ ਕਰ ਰਹੇ ਹਨ। ਪੀੜਤ ਪਰਿਵਾਰਾਂ ਵੱਲੋਂ ਸਾਂਝੇ ਕੀਤੇ ਗਏ ਇਨ੍ਹਾਂ ਵੀਡੀਓਜ਼ ’ਚ ਭਾਰਤੀ ਨੌਜਵਾਨ ਰੂਸੀ ਫ਼ੌਜੀ ਵਰਦੀ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਲੁਧਿਆਣਾ ਦਾ ਸਮਰਜੀਤ ਸਿੰਘ ਪੰਜਾਬੀ ’ਚ ਅਪੀਲ ਕਰਦਾ ਆਖਦਾ ਹੈ, ‘‘ਅਸੀਂ ਰੂਸੀ ਫ਼ੌਜ ਵਿੱਚ ਫਸ ਗਏ ਹਾਂ। ਅਸੀਂ 9 ਮੁੰਡੇ ਹਾਂ। ਅਸੀਂ ਇੱਥੇ ਵਿਦਿਆਰਥੀ ਵੀਜ਼ੇ ’ਤੇ ਆਏ ਸੀ। ਸਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਸਾਨੂੰ ਖਾਣਾ ਨਹੀਂ ਮਿਲ ਰਿਹਾ ਹੈ ਅਤੇ ਸਾਨੂੰ ਹਰ ਰੋਜ਼ ਮੋਰਚਿਆਂ ’ਤੇ ਭੇਜਿਆ ਜਾ ਰਿਹਾ ਹੈ।’’ ਇੱਕ ਹੋਰ ਵਿਅਕਤੀ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿੱਚੋਂ ਕੁਝ ਪਹਿਲਾਂ ਹੀ ਲੜਾਈ ਵਿੱਚ ਮਾਰੇ ਜਾ ਚੁੱਕੇ ਹਨ। ਉਸ ਨੇ ਕਿਹਾ, ‘‘ਸਾਨੂੰ ਮਾਸਕੋ ਵਿੱਚ ਕੰਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਦੀ ਬਜਾਏ ਅਸੀਂ ਯੂਕਰੇਨ ਜੰਗ ਵਿੱਚ ਫਸੇ ਹੋਏ ਹਾਂ। ਸਥਿਤੀ ਗੰਭੀਰ ਹੈ। ਸਾਨੂੰ ਤੁਰੰਤ ਬਾਹਰ ਕੱਢੋ।’’ ਜੰਮੂ ਦੇ ਸੁਮੀਤ ਸ਼ਰਮਾ ਨੇ ਕਿਹਾ, ‘‘ਸਾਨੂੰ ਏਜੰਟਾਂ ਨੇ ਧੋਖਾ ਦਿੱਤਾ ਹੈ। ਅਸੀਂ ਭਾਜਪਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਸਾਡੀ ਮਦਦ ਕਰੇ।’’ ਜ਼ਿਕਰਯੋਗ ਹੈ ਕਿ ‘ਟ੍ਰਿਬਿਊਨ’ ਵੱਲੋਂ 15 ਮਹੀਨਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਵਿਅਕਤੀਆਂ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਯੂਕਰੇਨ ਨਾਲ ਜੰਗ ਲਈ ਰੂਸੀ ਫ਼ੌਜ ’ਚ ਜਬਰੀ ਭਰਤੀ ਕੀਤਾ ਗਿਆ ਹੈ। ਬਹੁਤ ਸਾਰੇ ਪਰਿਵਾਰਾਂ ਦਾ ਦੋਸ਼ ਹੈ ਕਿ ਮਾਸਕੋ ਸਥਿਤ ਸਫ਼ਾਰਤਖਾਨੇ ਸਮੇਤ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਦੇ ਬੱਚਿਆਂ ਦਾ ਪਤਾ ਨਹੀਂ ਲੱਗਿਆ ਹੈ।