ਜੰਮੂ ਕਸ਼ਮੀਰ ’ਚ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰੇਗਾ ਇੰਡੀਆ ਗੱਠਜੋੜ: ਵੇਣੂਗੋਪਾਲ
ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਕੀ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਬਾਰੇ ਸੰਸਦ ’ਚ ਝੂਠ ਬੋਲਿਆ? ਜੇ ਨਹੀਂ, ਤਾਂ ਜੰਮੂ ਕਸ਼ਮੀਰ ਪੁਲੀਸ ਨੇ JKPCC ਦੇ ਪ੍ਰਧਾਨ ਤਾਰਿਕ ਹਮੀਦ ਕਰਾ ਜੀ ਅਤੇ ਹੋਰ ਕਾਂਗਰਸੀ ਨੇਤਾਵਾਂ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਹੈ?’’
ਉਨ੍ਹਾਂ ਲਿਖਿਆ, ‘‘ਉਨ੍ਹਾਂ ਕੱਲ੍ਹ ਸ੍ਰੀਨਗਰ ਵਿੱਚ ਪ੍ਰਦੇਸ਼ ਕਾਂਗਰਸ ਦਫ਼ਤਰ ਨੂੰ ਸੀਲ ਕਿਉਂ ਕਰ ਦਿੱਤਾ ਅਤੇ ਸਾਡੇ ਪਾਰਟੀ ਵਰਕਰਾਂ ਨੂੰ ਰਾਜ ਦੇ ਦਰਜੇ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੋਂ ਕਿਉਂ ਰੋਕਿਆ?’’
ਵੇਣੂਗੋਪਾਲ ਨੇ ਆਪਣੀ ਪੋਸਟ ਵਿੱਚ ਕਿਹਾ, ‘‘ਆਗਾਮੀ ਸੰਸਦ ਇਜਲਾਸ ਦੌਰਾਨ ‘ਇੰਡੀਆ’ ਗੱਠਜੋੜ ਮੰਗ ਕਰੇਗਾ ਕਿ ਜੰਮੂ ਕਸ਼ਮੀਰ ਵਿੱਚ ਤੁਰੰਤ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ। ਇਹ ਮਜ਼ਾਕ ਹੁਣ ਹੋਰ ਨਹੀਂ ਚੱਲ ਸਕਦਾ।’’
ਕਾਂਗਰਸ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ’ਚ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦਾ ਮੁੱਦਾ ਉਠਾਉਂਦੀ ਰਹੇਗੀ। ਪਾਰਟੀ ਜੰਮੂ ਕਸ਼ਮੀਰ ਵਿੱਚ ਉਮਰ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਕਰਕੇ ਸੱਤਾ ਵਿੱਚ ਹੈ।
ਐਤਵਾਰ ਨੂੰ ਪੁਲੀਸ ਨੇ ਸੂਬੇ ਦੇ ਦਰਜੇ ਲਈ ਮਾਰਚ ਕਰ ਰਹੇ ਕਾਂਗਰਸੀ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਹ ਇਨ੍ਹਾਂ ਦਿਨਾਂ ਵਿੱਚ ਦੂਜੀ ਵਾਰ ਸੀ ਜਦੋਂ ਪੁਲੀਸ ਨੇ ਕਾਂਗਰਸ ਨੂੰ ‘ਹਮਾਰੀ ਰਿਆਸਤ ਹਮਾਰਾ ਹੱਕ’ ਦੇ ਬੈਨਰ ਹੇਠ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕਰਾ ਅਤੇ ਪਾਰਟੀ ਦੇ ਜਨਰਲ ਸਕੱਤਰ ਜੀ ਏ ਮੀਰ ਦੀ ਅਗਵਾਈ ਵਿੱਚ ਸੈਂਕੜੇ ਕਾਂਗਰਸੀ ਕਾਰਕੁਨ ਜੰਮੂ ਦੇ ਸ਼ਹੀਦੀ ਚੌਕ ਵਿੱਚ ਪਾਰਟੀ ਹੈੱਡਕੁਆਰਟਰ ’ਚ ਇਕੱਠੇ ਹੋਏ ਸਨ
ਉਹ ਉਪ ਰਾਜਪਾਲ ਮਨੋਜ ਸਿਨਹਾ ਨੂੰ ਮੰਗ ਪੱਤਰ ਸੌਂਪਣ ਲਈ ਰਾਜ ਭਵਨ ਵੱਲ ਮਾਰਚ ਕਰਨ ਵਾਲੇ ਸਨ ਪਰ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ।