ਵਿਚਾਰਧਾਰਕ ਲੜਾਈ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ: ਬੀ.ਸੁੁੁਦਰਸ਼ਨ ਰੈੱਡੀ
ਉਪ ਰਾਸ਼ਟਰਪਤੀ ਚੋਣ ਵਿੱਚ ਹਾਰ ਤੋਂ ਬਾਅਦ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਨੇ ਕਿਹਾ ਕਿ ਉਹ ਇਸ ਹਾਰ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਨ ਅਤੇ ਲੋਕਤੰਤਰ ਵਿੱਚ ਸਿਰਫ਼ ਜਿੱਤ ਹੀ ਨਹੀਂ ਸਗੋਂ ਸੰਵਾਦ, ਅਸਹਿਮਤੀ ਅਤੇ ਭਾਗੀਦਾਰੀ ਦੀ ਭਾਵਨਾ ਨਾਲ ਮਜ਼ਬੂਤ ਹੁੰਦਾ ਹੈ।
ਐਨਡੀਏ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਚੁਣੇ ਜਾਣ ਦੇ ਐਲਾਨ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਭਾਵੇਂ ਨਤੀਜਾ ਉਨ੍ਹਾਂ ਦੇ ਹੱਕ ਵਿੱਚ ਨਹੀਂ ਸੀ ਪਰ ਅਸੀਂ ਸਮੂਹਿਕ ਤੌਰ ’ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।
ਰੈਡੀ ਨੇ ਕਿਹਾ,“ ਵਿਚਾਰਧਾਰਕ ਸੰਘਰਸ਼ ਹੋਰ ਵੀ ਜ਼ਿਆਦਾ ਜੋਸ਼ ਨਾਲ ਜਾਰੀ ਹੈ। ਮੈਂ ਇਸ ਨਤੀਜੇ ਨੂੰ ਸਾਡੀ ਮਹਾਨ ਗਣਤੰਤਰ ਦੀਆਂ ਲੋਕਤੰਤਰਿਕ ਪ੍ਰਕਿਰਿਆਵਾਂ ਵਿੱਚ ਪੂਰਨ ਵਿਸ਼ਵਾਸ ਨਾਲ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਇਹ ਸਫਰ ਮੇਰੇ ਲਈ ਬਹੁਤ ਸਨਮਾਨਜਨਕ ਰਿਹਾ ਹੈ, ਜਿਸ ਨੇ ਮੈਨੂੰ ਉਨ੍ਹਾਂ ਮੁੱਲਾਂ ਲਈ ਖੜ੍ਹਨ ਦਾ ਮੌਕਾ ਦਿੱਤਾ ਜੋ ਮੇਰੀ ਜ਼ਿੰਦਗੀ ਦਾ ਮਾਰਗਦਰਸ਼ਨ ਕਰਦੇ ਹਨ।”
ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂਆਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣਾ ਸਾਂਝਾ ਉਮੀਦਵਾਰ ਬਣਾਇਆ।
ਰੈਡੀ ਨੇ ਕਿਹਾ, “ ਸਾਡਾ ਲੋਕਤੰਤਰ ਸਿਰਫ ਜਿੱਤ ਨਾਲ ਹੀ ਨਹੀਂ, ਸਗੋਂ ਸੰਵਾਦ, ਅਸਹਿਮਤੀ ਅਤੇ ਭਾਗੀਦਾਰੀ ਦੀ ਭਾਵਨਾ ਨਾਲ ਮਜ਼ਬੂਤ ਹੁੰਦਾ ਹੈ। ਮੈਂ ਇੱਕ ਨਾਗਰਿਕ ਦੇ ਤੌਰ ”ਤੇ, ਸਮਾਨਤਾ, ਭਾਈਚਾਰੇ ਅਤੇ ਸੁਤੰਤਰਤਾ ਦੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਾਂ ਜੋ ਸਾਨੂੰ ਇਕੱਠੇ ਜੋੜਦੇ ਹਨ। ਸਾਡਾ ਸੰਵਿਧਾਨ ਸਾਡੀ ਰਾਸ਼ਟਰੀ ਜ਼ਿੰਦਗੀ ਦਾ ਮਾਰਗਦਰਸ਼ਕ ਪ੍ਰਕਾਸ਼ ਬਣਿਆ ਰਹੇ।”
ਉਨ੍ਹਾਂ ਨੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੇ ਕਾਰਜਕਾਲ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਰਿਟਰਨਿੰਗ ਅਫਸਰ ਪੀ.ਸੀ. ਮੋਡੀ ਦੇ ਅਨੁਸਾਰ ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਚੋਣ ਵਿੱਚ 452 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲੀਆਂ।