ਹਮਲਿਆਂ ਤੋਂ ਨਹੀਂ ਡਰਾਂਗੀ: ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੇ ਰੋਜ਼ਾਨਾਂ ਦੇ ਕਾਰਜਾਂ ਉੱਪਰ ਸਰਗਰਮ ਹੁੰਦੇ ਹੋਏ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਨਿਭਾਉਣ ਲਈ ਮੁੜ ਲੋਕਾਂ ਵਿਚਕਾਰ ਆ ਗਏ ਹਨ। ਉਨ੍ਹਾਂ ਜਨਤਕ ਸਮਾਗਮ ਦੌਰਾਨ ਇਹ ਦਾਅਵਾ ਕੀਤਾ ਕਿ ਉਹ ਡਰਨ ਵਾਲੇ ਨਹੀਂ ਹਨ। ਰੇਖਾ ਗੁਪਤਾ ਨੇ ਕੁਝ ਦਿਨ ਪਹਿਲਾਂ ਉਨ੍ਹਾਂ ’ਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਸਰਕਾਰੀ ਰੁਝੇਵੇਂ ਮੁੜ ਸ਼ੁਰੂ ਕੀਤੇ ਹਨ।
ਉਹ ਅੱਜ ਦਿਨ ਵੇਲੇ ਸ਼ਾਹਦਰਾ ਦੇ ਗਾਂਧੀ ਨਗਰ ਮਾਰਕੀਟ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ। ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਸ਼ਾਹਦਰਾ ਦੇ ਗਾਂਧੀ ਨਗਰ ਮਾਰਕੀਟ ਵਿੱਚ ਥੋਕ ਰੈਡੀਮੇਡ ਗਾਰਮੈਂਟ ਡੀਲਰਾਂ ਦੀ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਬੇਬਾਕੀ ਨਾਲ ਕਿਹਾ, “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਮੁੱਖ ਮੰਤਰੀ ‘ਦੀਦੀ’ ਨਹੀਂ ਡਰੇਗੀ, ਨਹੀਂ ਥੱਕੇਗੀ, ਨਹੀਂ ਹਾਰੇਗੀ। ਜਦੋਂ ਤੱਕ ਦਿੱਲੀ ਨੂੰ ਆਪਣੇ ਅਧਿਕਾਰ ਨਹੀਂ ਮਿਲ ਜਾਂਦੇ, ਉਹ ਤੁਹਾਡੇ ਲਈ ਲੜਦੀ ਰਹੇਗੀ। ਇਹ ਮੇਰਾ ਪ੍ਰਣ ਹੈ ਕਿ ਮੈਂ ਤੁਹਾਡੇ ਲਈ ਲਗਾਤਾਰ ਲੜਦੀ ਰਹਾਂਗੀ।” ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਨੂੰ ਪਿਛਲੇ ਦਹਾਕੇ ਦੌਰਾਨ ਵੱਖ-ਵੱਖ ਯੋਜਨਾਵਾਂ ਦੇ ਰੂਪ ਵਿੱਚ ਸਮਰਥਨ ਮਿਲਿਆ ਹੈ। ਇਸ ਸਮਾਗਮ ਵਿੱਚ ਗੁਪਤਾ ਨੇ ਸਥਾਨਕ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਯਮੁਨਾ ਪਾਰ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਐਲਾਨ ਵੀ ਕੀਤਾ। ਉਨ੍ਹਾਂ ਨੇ ਦਿੱਲੀ ਦੇ ਵਿਕਾਸ ਲਈ ਸਹੁੰ ਚੁੱਕਵਾਈ ਕਿ ਲਵਲੀ ਯਮੁਨਾ ਪਾਰ ਵਿਕਾਸ ਬੋਰਡ ਦੇ ਚੇਅਰਮੈਨ ਹੋਣਗੇ। ਜ਼ਿਕਰਯੋਗ ਹੈ ਕਿ ਲਵਲੀ ਦਿੱਲੀ ਸਰਕਾਰ ਵਿੱਚ ਉੱਚ ਅਹੁਦਿਆਂ ’ਤੇ ਰਹੇ ਹਨ ਪਰ ਸਿਰਫ਼ ਵਿਕਾਸ ਲਈ ਬਿਨਾਂ ਕਿਸੇ ਲੁਕਵੇਂ ਏਜੰਡੇ ਦੇ ਭਾਜਪਾ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਨੇ ਲਵਲੀ ਅਤੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਇਲਾਕੇ ਦੇ ਵਿਕਾਸ ਲਈ ਬਜਟ ਲਈ ਪ੍ਰਸਤਾਵ ਤਿਆਰ ਕਰਨ ਲਈ ਵੀ ਕਿਹਾ। ਉਨ੍ਹਾਂ ਲਵਲੀ ਨੂੰ ਕੰਮ ਸੌਂਪਿਆ ਤੇ ਕਿਹਾ, “ਮੈਂ ਅੱਜ ਬਜਟ ਨੂੰ ਮਨਜ਼ੂਰੀ ਦੇ ਰਹੀ ਹਾਂ। ਤੁਸੀਂ ਬਜਟ ਅਨੁਮਾਨਾਂ ਨਾਲ ਇੱਕ ਫਾਈਲ ਬਣਾਓ।” ਮੁੱਖ ਮੰਤਰੀ ਅੱਜ ਸ਼ਾਮ ਚਾਣਕਿਆਪੁਰੀ ਦੇ ਅਸ਼ੋਕ ਹੋਟਲ ਵਿੱਚ ਪ੍ਰਦੇਸ਼ ਦੇ ਉਦਯੋਗ ਵਿਭਾਗ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ‘ਆਈਡੀਆਥਨ’’ ਦੇ ਗ੍ਰੈਂਡ ਫ਼ਿਨਾਲੇ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਰੇਖਾ ਗੁਪਤਾ ’ਤੇ ਬੁੱਧਵਾਰ ਨੂੰ ‘ਜਨ ਸੁਣਵਾਈ’ ਸੈਸ਼ਨ ਦੌਰਾਨ ਹਮਲਾ ਹੋਇਆ ਸੀ। ਹਮਲਾ ਕਰਨ ਵਾਲੇ
ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ
ਲਿਆ ਗਿਆ ਸੀ।
‘ਡੀਟੀਸੀ’ ਬੱਸਾਂ ਦੀ ਹੋਵੇਗੀ ਰੂਟ ਮੈਪਿੰਗ: ਰੇਖਾ ਗੁਪਤਾ
ਸਮਾਗਮ ’ਚ ਸ਼ਿਰਕਤ ਕਰਨ ਮੌਕੇ ਦਿੱਲੀ ਦੀ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਹੁਣ ਸਾਰੀਆਂ ‘ਡੀਟੀਸੀ’ ਬੱਸਾਂ ਲਈ ਰੂਟਾਂ ਦੀ ਮੈਪਿੰਗ ਸ਼ੁਰੂ ਕਰੇਗੀ ਅਤੇ ਇਹ ਯਮੁਨਾ ਪਾਰ ਦੇ ਖੇਤਰਾਂ ਤੋਂ ਸ਼ੁਰੂ ਹੋਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦਿੱਲੀ ਅੰਦਰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ‘ਡੀਟੀਸੀ’ ਦੇ ਰੂਟ ਠੀਕ ਕੀਤੇ ਜਾਣਗੇ ਅਤੇ ਹਰ ਖੇਤਰ ਨੂੰ ਢੁਕਵੀਆਂ ਅਤੇ ਲੋੜੀਂਦੀਆਂ ਬੱਸਾਂ ਮੁਹੱਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਮਾਰਕੀਟ ਦੇ ਵਿਕਾਸ ਲਈ 15 ਕਰੋੜ ਰੁਪਏ ਦਿੱਤੇ
ਗਾਂਧੀ ਨਗਰ ’ਚ ਹੋਏ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਮਾਰਕੀਟ ਦੇ ਵਿਕਾਸ ਲਈ 15 ਕਰੋੜ ਰੁਪਏ ਦਿੱਤੇ। ਇਸ ਫੰਡ ਨਾਲ ਗਾਂਧੀ ਨਗਰ ਮਾਰਕੀਟ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਐਲੀਵੇਟਿਡ ਰੋਡ ਦੇ ਹੇਠਾਂ ਇੱਕ ਹਜ਼ਾਰ ਵਾਹਨਾਂ ਲਈ ਪਾਰਕਿੰਗ ਬਣੇਗੀ। ਆਮ ਲੋਕਾਂ ਦੀ ਸਹੂਲਤ ਲਈ ਪਖਾਨੇ ਵੀ ਬਣਨਗੇ। ਇਨ੍ਹਾਂ ਵਿੱਚ ਸਫ਼ਾਈ ਕਰਮਚਾਰੀ, ਨੈਸ਼ਨਲ ਹਾਈਵੇ ਅਥਾਰਿਟੀ ਤੋਂ ਹੋਣਗੇ ਅਤੇ ਅਥਾਰਿਟੀ ਹੀ ਪਾਰਕਿੰਗ ਦਾ ਸੰਚਾਲਨ ਕਰੇਗੀ।