ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯਮੁਨਾ ਦਾ ਪਾਣੀ ਘਟਣ ਮਗਰੋਂ ਰਾਹਤ ਦੀ ਉਮੀਦ

207 ਮੀਟਰ ਤੋਂ ਹੇਠਾਂ ਆਇਆ ਪਾਣੀ, ਹਥਨੀਕੁੰਡ ਬੈਰਾਜ ਤੋਂ ਘਟੀ ਮਾਤਰਾ; ਪ੍ਰਭਾਵਿਤ ਇਲਾਕਿਆਂ ’ਚ ਫੌਗਿੰਗ
ਲੋਹਾ ਪੁਲ ਕੋਲ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਯਮੁਨਾ। -ਫ਼ੋਟੋ: ਏ.ਐੱਨ.ਆਈ
Advertisement

ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਯਮੁਨਾ ਵਿੱਚ ਪਾਣੀ ਦਾ ਜ਼ੋਰ ਰਹਿਣ ਤੋਂ ਬਾਅਦ ਹੁਣ ਨਦੀ ਵਿੱਚ ਪਾਣੀ ਘੱਟ ਰਿਹਾ ਹੈ। ਹੁਣ ਪਾਣੀ ਦਾ ਪੱਧਰ 207 ਮੀਟਰ ਤੋਂ ਹੇਠਾਂ ਆ ਗਿਆ ਹੈ, ਪਰ ਇਹ ਅਜੇ ਵੀ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਸੋਮਵਾਰ ਸਵੇਰ ਤੱਕ ਇਸ ਦੇ ਹੋਰ ਘਟਣ ਦੀ ਉਮੀਦ ਹੈ। ਐਤਵਾਰ ਸਵੇਰੇ 8 ਵਜੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ’ਚ ਪਾਣੀ ਦਾ ਪੱਧਰ 205.56 ਮੀਟਰ ਦਰਜ ਕੀਤਾ ਗਿਆ।

ਸ਼ਹਿਰ ਲਈ ਚੇਤਾਵਨੀ ਨਿਸ਼ਾਨ 204.50 ਮੀਟਰ ਹੈ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 205.33 ਮੀਟਰ ਹੈ ਅਤੇ ਪਾਣੀ ਦਾ ਪੱਧਰ 206 ਮੀਟਰ ’ਤੇ ਪੁੱਜਣ ਮੌਕੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਭੇਜਣ ਦਾ ਅਮਲ ਸ਼ੁਰੂ ਹੁੰਦਾ ਹੈ। ਨਦੀ ਵਿੱਚ ਪਾਣੀ ਜ਼ਰੂਰ ਘਟਿਆ ਹੈ, ਪਰ ਦਿੱਲੀ ਦੇ ਲੋਕਾਂ ਲਈ ਚੁਣੌਤੀ ਬਰਕਰਾਰ ਹੈ। 20 ਹਜ਼ਾਰ ਤੋਂ ਵੱਧ ਲੋਕ ਹਾਲੇ ਵੀ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਰਾਹਤ ਕੈਂਪਾਂ ਵਿੱਚ ਸਫਾਈ, ਪੀਣ ਵਾਲਾ ਪਾਣੀ, ਭੋਜਨ, ਦਵਾਈ, ਪਖਾਨੇ ਆਦਿ ਮੁਹੱਈਆ ਕਰਵਾਉਣ ਦੀ ਚੁਣੌਤੀ ਹੈ।

Advertisement

ਯਮੁਨਾ ਦਾ ਪਾਣੀ ਉਤਰਨ ਮਗਰੋਂ ਹੁਣ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਦਾ ਡਰ ਸਤਾਉਣ ਲੱਗਾ ਹੈ ਅਤੇ ਪ੍ਰਸ਼ਾਸਨ ਵੱਲੋਂ ਜਿੱਥੇ ਪਾਣੀ ਖੜ੍ਹਾ ਹੈ ਉਥੇ ਦਵਾਈ ਛਿੜਕੀ ਜਾ ਰਹੀ ਹੈ ਤਾਂ ਜੋ ਮਹਾਮਾਰੀ ਨਾ ਫੈਲੇ। ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਿਆ ਹੈ ਉੱਥੇ ਗਾਰ ਵੀ ਜਮ੍ਹਾਂ ਹੋ ਗਈ ਹੈ, ਇਸ ਕਰ ਕੇ ਲੋਕਾਂ ਲਈ ਇਹ ਦੋਹਰੀ ਪ੍ਰੇਸ਼ਾਨੀ ਹੈ। ਜੇਕਰ ਪਹਾੜਾਂ ਵਿੱਚ ਮੌਸਮ ਖਰਾਬ ਹੁੰਦਾ ਹੈ ਤਾਂ ਨਦੀ ਦੇ ਪਾਣੀ ਦਾ ਪੱਧਰ ਫਿਰ ਵਧਣ ਦਾ ਖ਼ਤਰਾ ਹੈ। ਲੋਹੇ ਦੇ ਪੁਲ ਦੇ ਬੰਦ ਹੋਣ ਕਾਰਨ ਰੇਲਵੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨਿਚਰਵਾਰ ਤੋਂ ਪਾਣੀ ਘੱਟ ਰਿਹਾ ਹੈ। ਹਥਨੀਕੁੰਡ ਤੋਂ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਪਹਿਲੀ ਸਤੰਬਰ ਨੂੰ 3.29 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਉਸ ਤੋਂ ਬਾਅਦ ਵੀ ਪ੍ਰਤੀ ਘੰਟਾ ਇੱਕ ਲੱਖ ਤੋਂ ਦੋ ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਪਰ ਹੁਣ ਇਹ ਘੱਟ ਕੇ 50 ਹਜ਼ਾਰ ਕਿਊਸਿਕ ਤੋਂ ਵੀ ਘੱਟ ਹੋ ਗਿਆ ਹੈ। ਜਦੋਂ ਯਮੁਨਾ ਦੇ ਪਾਣੀ ਦਾ ਪੱਧਰ 206 ਮੀਟਰ ਤੋਂ ਉੱਪਰ ਪਹੁੰਚ ਗਿਆ, ਤਾਂ ਨਦੀ ਵਿੱਚ ਡਿੱਗਣ ਵਾਲੀਆਂ ਨਾਲੀਆਂ ਦਾ ਰੈਗੂਲੇਟਰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਬੇਲਾ ਰੋਡ, ਹਕੀਕਤ ਨਗਰ, ਜਹਾਂਗੀਰ ਪੁਰੀ ਸਮੇਤ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਮੱਸਿਆ ਸ਼ੁਰੂ ਹੋ ਗਈ। ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਨਦੀ ਦਾ ਪਾਣੀ ਦਾ ਪੱਧਰ ਇਸੇ ਤਰ੍ਹਾਂ ਘਟਦਾ ਰਿਹਾ ਤਾਂ ਨਾਲੀਆਂ ਦਾ ਰੈਗੂਲੇਟਰ ਖੋਲ੍ਹ ਦਿੱਤਾ ਜਾਵੇਗਾ। ਯਮੁਨਾ ਦੇ ਪਾਣੀ ਦਾ ਪੱਧਰ ਘਟਣ ਮਗਰੋਂ ਸਿਵਲ ਲਾਈਨਜ਼ ਦੇ ਬੇਲਾ ਰੋਡ, ਮੱਠ ਬਾਜ਼ਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਉਮੀਦ ਹੈ ਪਰ ਯਮੁਨਾ ਦੇ ਪਾਰ ਖਾਦਰ ਖੇਤਰ ਹਾਲੇ ਵੀ ਪਾਣੀ ਨਾਲ ਭਰਿਆ ਹੋਇਆ ਹੈ,

ਇਸ ਲਈ ਲੋਕਾਂ ਨੂੰ ਰਾਹਤ ਕੈਂਪ ਵਿੱਚ ਰਹਿਣਾ ਪਵੇਗਾ।

Advertisement
Show comments