ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਉੱਤਰੀ ਖੇਤਰੀ ਕੌਂਸਲ (Northern Zonal Council) ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਖੇਤਰ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ (ਹਰਿਆਣਾ), ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਭਗਵੰਤ ਮਾਨ (ਪੰਜਾਬ), ਭਜਨ ਲਾਲ ਸ਼ਰਮਾ (ਰਾਜਸਥਾਨ), ਰੇਖਾ ਗੁਪਤਾ (ਦਿੱਲੀ), ਉਮਰ ਅਬਦੁੱਲਾ (ਜੰਮੂ ਅਤੇ ਕਸ਼ਮੀਰ), ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਲੈਫਟੀਨੈਂਟ ਗਵਰਨਰ ਮਨੋਜ ਸਿਨਹਾ (ਜੰਮੂ ਅਤੇ ਕਸ਼ਮੀਰ) ਅਤੇ ਵੀ ਕੇ ਸਕਸੈਨਾ (ਦਿੱਲੀ) ਸ਼ਾਮਲ ਹੋਏ।
ਮੀਟਿੰਗ ਦੀ ਸ਼ੁਰੂਆਤ ਵਿੱਚ, ਲਾਲ ਕਿਲ੍ਹੇ ਦੇ ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਦਾ ਮੌਨ ਰੱਖਿਆ ਗਿਆ।
ਮੀਟਿੰਗ ਵਿੱਚ ਮੁੱਖ ਤੌਰ ’ਤੇ ਸਿੱਖਿਆ, ਸਿਹਤ, ਪਾਣੀ ਤੋਂ ਇਲਾਵਾ ਬਿਜਲੀ ਅਤੇ ਔਰਤਾਂ ਅਤੇ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਦੇ ਕੇਸਾਂ ਦੀ ਤੇਜ਼ੀ ਨਾਲ ਜਾਂਚ, ਫਾਸਟ ਟ੍ਰੈਕ ਸਪੈਸ਼ਲ ਕੋਰਟਸ (FTSC) ਨੂੰ ਲਾਗੂ ਕਰਨਾ ਅਤੇ ਖੇਤਰੀ ਪੱਧਰ ਦੇ ਸਾਂਝੇ ਹਿੱਤਾਂ ਦੇ ਮੁੱਦੇ ਜਿਵੇਂ ਪੋਸ਼ਣ, ਸਿੱਖਿਆ, ਸਿਹਤ, ਬਿਜਲੀ, ਸ਼ਹਿਰੀ ਯੋਜਨਾਬੰਦੀ ਅਤੇ ਸਹਿਕਾਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲੇ ਮੁੱਦੇ ਵਿਚਾਰੇ ਗਏ।
ਦਸ ਦਈਏ ਕਿ ਪਿਛਲੇ 11 ਸਾਲਾਂ ਵਿੱਚ, ਸਾਰੀਆਂ ਸੂਬਾ ਸਰਕਾਰਾਂ, ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ, ਵੱਖ-ਵੱਖ ਖੇਤਰੀ ਕੌਂਸਲਾਂ ਅਤੇ ਉਨ੍ਹਾਂ ਦੀਆਂ ਸਥਾਈ ਕਮੇਟੀਆਂ ਦੀਆਂ ਕੁੱਲ 63 ਮੀਟਿੰਗਾਂ ਹੋਈਆਂ ਹਨ।
