ਸੇਂਟ ਕੋਲੰਬਾ ਦੇ ਵਿਦਿਆਰਥੀ ਖੁਦਕੁਸ਼ੀ ਤੋਂ ਬਾਅਦ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ
ਦਿੱਲੀ ਸਰਕਾਰ ਨੇ ਸੇਂਟ ਕੋਲੰਬਾ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਦੀ ਕਥਿਤ ਖੁਦਕੁਸ਼ੀ ਦੀ ਜਾਂਚ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਵਿਦਿਆਰਥੀ ਦੀ ਮੌਤ 18 ਨਵੰਬਰ ਨੂੰ ਹੋਈ ਸੀ। ਸਿੱਖਿਆ ਡਾਇਰੈਕਟੋਰੇਟ ਨੇ ਜਾਂਚ ਸ਼ੁਰੂ ਕਰਨ ਲਈ ਇੱਕ ਰਸਮੀ ਹੁਕਮ ਜਾਰੀ ਕੀਤਾ ਹੈ, ਜਿਸ ਵਿੱਚ ਘਟਨਾ ਨੂੰ ਮੰਦਭਾਗਾ ਦੱਸਿਆ ਗਿਆ ਅਤੇ ਮੌਤ ਨਾਲ ਸਬੰਧਤ ਸਾਰੇ ਤੱਥਾਂ ਅਤੇ ਜਵਾਬਦੇਹੀ ਦੀ ਪੁਸ਼ਟੀ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ।
ਹੁਕਮ ਅਨੁਸਾਰ ਇਸ ਕਮੇਟੀ ਦਾ ਗਠਨ ਮੰਦਭਾਗੀ ਘਟਨਾ ਨਾਲ ਜੁੜੇ ਤੱਥਾਂ ਦੇ ਢਾਂਚੇ, ਕਾਰਨ ਬਣਨ ਵਾਲੇ ਹਾਲਾਤਾਂ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਦਾ ਵਿਆਪਕ ਤੌਰ 'ਤੇ ਪਤਾ ਲਗਾਉਣ ਲਈ ਕੀਤਾ ਗਿਆ ਹੈ।
ਪੰਜ ਮੈਂਬਰੀ ਜਾਂਚ ਕਮੇਟੀ ਦੇ ਪੈਨਲ ਵਿੱਚ ਹਰਸ਼ਿਤ ਜੈਨ, ਸੰਯੁਕਤ ਡਾਇਰੈਕਟਰ ਨੂੰ ਚੇਅਰਮੈਨ, ਅਨਿਲ ਕੁਮਾਰ, ਡੀ.ਡੀ.ਈ. (ਸੀ/ਐਨਡੀ), ਪੂਨਮ ਯਾਦਵ, ਡੀ.ਡੀ.ਈ. (ਜ਼ੋਨ 26), ਕਪਿਲ ਕੁਮਾਰ ਗੁਪਤਾ, ਪ੍ਰਿੰਸੀਪਲ, ਸਰਿਤਾ ਦੇਵੀ, ਪ੍ਰਿੰਸੀਪਲ ਦਾ ਨਾਮ ਸ਼ਾਮਲ ਹੈ।
ਸਰਕਾਰ ਨੇ ਕਮੇਟੀ ਨੂੰ ਪੂਰੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਨ ਅਤੇ ਹੁਕਮ ਜਾਰੀ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਇੱਕ ਵਿਆਪਕ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਰਿਪੋਰਟ ਦੇ ਨਤੀਜਿਆਂ ਵਿੱਚ ਤੱਥਾਂ ਦਾ ਵੇਰਵਾ, ਵਿਸ਼ਲੇਸ਼ਣਾਤਮਕ ਨਿਰੀਖਣ, ਸਿੱਟੇ ਅਤੇ ਸਿਫਾਰਸ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ।
ਇਸ ਘਟਨਾ ਨੇ ਮਾਪਿਆਂ ਅਤੇ ਸਕੂਲ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ, ਜੋ ਵਿਦਿਆਰਥੀ ਦੀ ਮੌਤ ਵੱਲ ਲੈ ਜਾਣ ਵਾਲੇ ਹਾਲਾਤਾਂ ਬਾਰੇ ਸਪੱਸ਼ਟਤਾ ਦੀ ਉਡੀਕ ਕਰ ਰਹੇ ਹਨ। ਕਮੇਟੀ ਦੀ ਰਿਪੋਰਟ ਤੋਂ ਇਹ ਸਪੱਸ਼ਟ ਹੋਣ ਦੀ ਉਮੀਦ ਹੈ ਕਿ ਕੀ ਕਿਸੇ ਪ੍ਰਸ਼ਾਸਨਿਕ ਕੁਤਾਹੀ ਜਾਂ ਸਕੂਲ ਪੱਧਰ ਦੇ ਮੁੱਦਿਆਂ ਨੇ ਇਸ ਦੁਖਾਂਤ ਵਿੱਚ ਯੋਗਦਾਨ ਪਾਇਆ ਹੈ।
