ਹਾਈ ਕੋਰਟ ਵੱਲੋਂ ਜਸੀਰ ਬਿਲਾਲ ਵਾਨੀ ਦੀ ਵਕੀਲ ਨਾਲ ਮੁਲਾਕਾਤ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ
ਦਿੱਲੀ ਹਾਈ ਕੋਰਟ ਨੇ ਲਾਲ ਕਿਲਾ ਦਹਿਸ਼ਤੀ ਹਮਲੇ ਦੇ ਸਹਿ-ਮੁਲਜ਼ਮ ਜਸੀਰ ਬਿਲਾਲ ਵਾਨੀ ਦੀ ਐਨਆਈਏ ਹੈੱਡਕੁਆਰਟਰ ਵਿੱਚ ਵਕੀਲ ਨਾਲ ਮੁਲਾਕਾਤ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਹੁਕਮ ਪਾਸ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਕਿਹਾ ਕਿ ਬਿਲਾਲ ਹੇਠਲੀ ਅਦਾਲਤ ਵੱਲੋਂ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਮੁੱਖ ਦਫ਼ਤਰ ਵਿੱਚ ਆਪਣੇ ਵਕੀਲ ਨੂੰ ਮਿਲਣ ਦੀ ਉਸ ਦੀ ਬੇਨਤੀ ਨੂੰ ਰੱਦ ਕਰਨ ਦੇ ਕਿਸੇ ਵੀ ਹੁਕਮ ਨੂੰ ਦਿਖਾਉਣ ਵਿੱਚ ਅਸਫਲ ਰਿਹਾ ਹੈ।
ਅਦਾਲਤ ਨੇ ਇਹ ਟਿੱਪਣੀਆਂ ਉਦੋਂ ਕੀਤੀਆਂ ਜਦੋਂ ਵਾਨੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਅਰਜ਼ੀ ਨੂੰ ਹੇਠਲੀ ਅਦਾਲਤ ਨੇ ਜ਼ੁਬਾਨੀ ਤੌਰ ’ਤੇ ਰੱਦ ਕਰ ਦਿੱਤਾ ਸੀ। ਕਾਰ ਬੰਬ ਧਮਾਕੇ ਦੇ ਮੁਲਜ਼ਮ ਜਸੀਰ ਬਿਲਾਲ ਉਰਫ਼ ਦਾਨਿਸ਼ ਨੂੰ ਬੀਤੇ ਮੰਗਲਵਾਰ ਨੂੰ ਕੌਮੀ ਜਾਂਚ ਏਜੰਸੀ (NIA) ਵੱਲੋਂ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਕੋਰਟ ਨੇ ਡਾ.ਉਮਰ ਉਨ ਨਬੀ ਦੇ ਸਾਥੀ ਅਤੇ ਸਹਿ-ਸਾਜ਼ਿਸ਼ਘਾੜੇ ਜਸੀਰ ਬਿਲਾਲ ਨੂੰ 10 ਦਿਨਾਂ ਲਈ ਐਨਆਈਏ (NIA) ਦੀ ਹਿਰਾਸਤ ਵਿੱਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਵਿੱਚ 15 ਲੋਕ ਮਾਰੇ ਗਏ ਸਨ। ਕਸ਼ਮੀਰ ਨਿਵਾਸੀ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਨੂੰ ਐੱਨਆਈਏ ਦੀ ਟੀਮ ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੀਟੀਆਈ
