‘ਆਪ’ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਅੱਜ ਕੌਮੀ ਰਾਜਧਾਨੀ ਵਿੱਚ ਭਾਜਪਾ ਦੇ ਅਧੀਨ ਸਿਵਲ ਪ੍ਰਸ਼ਾਸਨ ਦੇ ਪਟਪੜਗੰਜ ਵਿੱਚ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਹੈ ਕਿਉਂਕਿ ਰਿਹਾਇਸ਼ੀ ਇਲਾਕਿਆਂ ਦੀਆਂ ਸੜਕਾਂ ਲਾਵਾਰਸ ਪਸ਼ੂਆਂ ਨਾਲ ਭਰੀਆਂ ਹੋਈਆਂ ਹਨ। ਇਸ ਸਬੰਧੀ ਦਿੱਲੀ ਸਰਕਾਰ ਜਾਂ ਦਿੱਲੀ ਨਗਰ ਨਿਗਮ (ਐੱਮ ਸੀ ਡੀ) ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸੌਰਭ ਭਾਰਦਵਾਜ ਨੇ ਕਿਹਾ ਕਿ ਸਥਿਤੀ ਇਹ ਹੈ ਕਿ ਸ਼ਹਿਰ ਦੇ ਲਗਪਗ ਹਰ ਵਿਧਾਨ ਸਭਾ ਹਲਕੇ ਵਿੱਚ ਹੀ ਅਜਿਹਾ ਹੋ ਰਿਹਾ ਹੈ। ‘ਐਕਸ’ ਉੱਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਸੀਨੀਅਰ ‘ਆਪ’ ਨੇਤਾ ਅਤੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਪਟਪੜਗੰਜ ਵਿਧਾਨ ਸਭਾ ਹਲਕੇ ਵਿੱਚ ਦਾਖ਼ਲ ਹੁੰਦੇ ਹੋ ਤਾਂ ਸੜਕ ਦੇ ਸਾਈਨ ਬੋਰਡ ’ਤੇ ਨਿੱਘਾ ਸਵਾਗਤ ਲਿਖਿਆ ਹੁੰਦਾ ਹੈ ਅਤੇ ਅਪਾਰਟਮੈਂਟ ਕੰਪਲੈਕਸ ਬਿਲਕੁਲ ਸਾਹਮਣੇ ਹੁੰਦਾ ਹੈ। ਪਰ ਇੱਥੋਂ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਲਾਵਾਰਸ ਪਸ਼ੂ ਬੈਠੇ ਹੁੰਦੇ ਹਨ। ਅਜਿਹਾ ਲਗਦਾ ਹੈ ਕਿ ਸੜਕ ਨੇ ਸਵਾਗਤ ਕੀਤਾ ਪਰ ਅਸਲ ਵਿੱਚ ਜੋ ਦੇਖਦੇ ਹੋ ਉਹ ਪਸ਼ੂਆਂ ਦੀ ਇੱਕ ਲੰਬੀ ਲਾਈਨ ਹੈ।
‘ਆਪ’ ਦਿੱਲੀ ਇਕਾਈ ਦੇ ਮੁਖੀ ਨੇ ਕਿਹਾ ਕਿ ਫੁਟਪਾਥ ’ਤੇ ਗੋਹਾ, ਗੰਦਗੀ, ਪਾਣੀ ਅਤੇ ਚਾਰਾ ਹੁੰਦਾ ਹੈ। ਅਧਿਕਾਰੀਆਂ ਨੇ ਇਸ ਸਭ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਦੇ ਲਗਪਗ ਹਰ ਵਿਧਾਨ ਸਭਾ ਹਲਕੇ ਦੀਆਂ ਸੜਕਾਂ ’ਤੇ ਪਸ਼ੂਆਂ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਹੱਲ ਲਈ ਭਾਜਪਾ ਅਸਫਲ ਰਹੀ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਕੀ ਇਹ ਦਿੱਲੀ ਸਰਕਾਰ ਅਤੇ ਐੱਮ ਸੀ ਡੀ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜੇ।

