ਹੜ੍ਹ ਪੀੜ੍ਹਤਾਂ ਤੱਕ ਮਦਦ ਪਹੁੰਚਾਈ: ਦਿੱਲੀ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੰਜਾਬ ਵਿਚ ਹੜ੍ਹ ਪੀੜ੍ਹਤ ਇਲਾਕਿਆਂ ਅਜਨਾਲਾ, ਰਮਦਾਸ ਤੇ ਡੇਰਾ ਬਾਬਾ ਨਾਨਕ ਵਿੱਚ ਲੋਕਾਂ ਨੂੰ ਲੋੜੀਂਦਾ ਹਰ ਸਮਾਨ ਉਪਲਬਧ ਕਰਵਾਇਆ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਤੇ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਦਿੱਲੀ ਕਮੇਟੀ ਨੇ ਟਰੱਕਾਂ ਦੇ ਟਰੱਕ ਭਰ ਕੇ ਰਾਹਤ ਸਮੱਗਰੀ ਪੰਜਾਬ ਦੇ ਹੜ੍ਹ ਪੀੜ੍ਹਤ ਇਲਾਕਿਆਂ ਵਾਸਤੇ ਭੇਜੀ, ਜਿਸ ਵਿਚ ਘਰੇਲੂ ਜ਼ਰੂਰਤ ਦਾ ਸਮਾਨ, ਜਿਨ੍ਹਾਂ ਵਿੱਚ ਗੱਦੇ, ਮੰਜੇ, ਬਿਸਤਰੇ, ਮੱਛਰ ਦਾਨੀਆਂ ਅਤੇ ਹੋਰ ਸਮੱਗਰੀ ਸ਼ਾਮਲ ਸੀ, ਉਹ ਸਭ ਹੜ੍ਹ ਪੀੜ੍ਹਤ ਇਲਾਕਿਆਂ ਵਾਸਤੇ ਭੇਜੀ ਗਈ ਜੋ ਜ਼ਰੁਰਤਮੰਦਾਂ ਨੂੰ ਵੰਡੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਦੇ ਹੜ੍ਹ ਪੀੜ੍ਹਤ ਪਿੰਡਾਂ ਵਿੱਚ ਜਿਹੜੀ ਫਸਲ ਦਾ ਨੁਕਸਾਨ ਹੋਇਆ ਹੈ ਤੇ ਜਿੱਥੇ ਹੁਣ ਕਣਕ ਬੀਜਣ ਵਾਸਤੇ ਬੀਜਾਂ ਤੇ ਖਾਦਾਂ ਦੀ ਜ਼ਰੂਰਤ ਹੈ, ਉਹ ਮੁਹੱਈਆ ਕਰਵਾਈਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਹੜ੍ਹ ਪੀੜ੍ਹਤਾਂ ਦੀ ਮਦਦ ਵਾਸਤੇ ਸੰਗਤ ਨੇ ਵਧ ਚੜ੍ਹ ਕੇ ਯੋਗਦਾਨ ਦਿੱਤਾ ਹੈ, ਜਿਸ ਵਾਸਤੇ ਉਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਔਖੇ ਵੇਲੇ ਜਿੱਥੇ ਪੰਜਾਬ ਸਾਰੇ ਦੇਸ਼ ਨਾਲ ਖੜ੍ਹਾ ਹੁੰਦਾ ਹੈ, ਇਸ ਵਾਸਤੇ ਪੰਜਾਬ ਦੇ ਔਖੇ ਵੇਲੇ ਸੰਗਤ ਪੰਜਾਬੀਆਂ ਦੇ ਨਾਲ ਡੱਟ ਕੇ ਖੜ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਦੁਨੀਆਂ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਤੇ ਪੰਜਾਬ ਨੂੰ ਆਪਣੇ ਪੈਰਾਂ ਸਿਰ ਹੋਣ ਵਿਚ ਲੋੜੀਂਦੀ ਹਰ ਮਦਦ ਦਿੱਤੀ ਜਾਵੇਗੀ।