ਦਿੱਲੀ ਵਿੱਚ ਭਰਵੇਂ ਮੀਂਹ ਨਾਲ ਗਰਮੀ ਤੋਂ ਰਾਹਤ
ਨਵੀਂ ਦਿੱਲੀ, 25 ਮਈ
ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਰਾਤ ਪਏ ਭਰਵੇਂ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਝੱਖੜ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ
ਝੱਖੜ ਕਾਰਨ ਦਰੱਖ਼ਤ ਤੇ ਬਿਜਲੀ ਦੇ ਖੰਭੇ ਟੁੱਟ ਗਏ ਅਤੇ ਸੜਕਾਂ ’ਤੇ ਜਾਮ ਲੱਗ ਗਿਆ। ਇਸ ਤੋਂ ਇਲਾਵਾ ਕਈ ਖੇਤਰ ਮੀਂਹ ਨਾਲ ਜਲ-ਥਲ ਹੋ ਗਏ। ਸ਼ਹਿਰ ਵਿੱਚ ਅਚਾਨਕ ਮੌਸਮ ਦਾ ਮਿਜ਼ਾਜ ਬਦਲਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਕੌਮੀ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 6.9 ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ ਦੇ ਮੁੱਖ ਮੌਸਮ ਕੇਂਦਰ ’ਤੇ ਰਾਤ 11.30 ਵਜੇ ਤੋਂ ਸਵੇਰੇ 5.30 ਵਜੇ ਦੇ ਵਿਚਕਾਰ ਛੇ ਘੰਟਿਆਂ ਵਿੱਚ 81.2 ਮਿਲੀਮੀਟਰ ਮੀਂਹ ਪਿਆ। ਇਸ ਦੌਰਾਨ 82 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਪਾਲਮ ਵਿੱਚ 68.1 ਮਿਲੀਮੀਟਰ, ਪੂਸਾ ਵਿੱਚ 71 ਮਿਲੀਮੀਟਰ, ਮਯੂਰ ਵਿਹਾਰ ਵਿੱਚ 48 ਮਿਲੀਮੀਟਰ, ਨਰੇਲਾ ਵਿੱਚ 30 ਮਿਲੀਮੀਟਰ ਅਤੇ ਦਿੱਲੀ ਯੂਨੀਵਰਸਿਟੀ ਵਿੱਚ 29 ਮਿਲੀਮੀਟਰ ਮੀਂਹ ਪਿਆ। ਦਿੱਲੀ ਦੇ ਮੋਤੀ ਬਾਗ, ਮਿੰਟੋ ਰੋਡ, ਆਈਟੀਓ, ਧੌਲਾ ਕੂਆਂ, ਦਿੱਲੀ ਛਾਉਣੀ, ਦੀਨ ਦਿਆਲ ਉਪਾਧਿਆਏ ਮਾਰਗ ਅਤੇ ਚਾਣਕਿਆਪੁਰੀ ਸਮੇਤ ਕਈ ਇਲਾਕੇ ਪਾਣੀ ਨਾਲ ਜਲ-ਥਲ ਹੋ ਗਏ। ਦਿੱਲੀ ਛਾਉਣੀ ਖੇਤਰ ਵਿੱਚ ਇੱਕ ਅੰਡਰਪਾਸ ਵਿੱਚ ਇੱਕ ਕਾਰ ਅਤੇ ਇੱਕ ਬੱਸ ਲਗਪਗ ਪੂਰੀ ਤਰ੍ਹਾਂ ਡੁੱਬ ਗਈ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਕੱਲ੍ਹ ਰਾਤ ‘ਰੈੱਡ ਅਲਰਟ’ ਜਾਰੀ ਕੀਤਾ ਸੀ, ਜਿਸ ਵਿੱਚ ਪੱਛਮ ਅਤੇ ਉੱਤਰ-ਪੱਛਮ ਤੋਂ ਆਉਣ ਵਾਲੇ ਤੂਫਾਨ ਦੀ ਚਿਤਾਵਨੀ ਦਿੱਤੀ ਗਈ ਸੀ। ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲੀਆਂ। ਪਾਲਮ ਵਿੱਚ 72 ਕਿਲੋਮੀਟਰ ਪ੍ਰਤੀ ਘੰਟਾ, ਪ੍ਰਗਤੀ ਮੈਦਾਨ ਵਿੱਚ 76 ਕਿਲੋਮੀਟਰ ਪ੍ਰਤੀ ਘੰਟਾ, ਜ਼ਾਫ਼ਰਪੁਰ ਵਿੱਚ 61 ਕਿਲੋਮੀਟਰ ਪ੍ਰਤੀ ਘੰਟਾ ਅਤੇ ਇਗਨੂ ਵਿੱਚ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਝੱਖੜ ਨਾਲ ਪਏ ਭਾਰੀ ਮੀਂਹ ਮਗਰੋਂ ਦਿੱਲੀ ਦਾ ਤਾਪਮਾਨ ਅੱਧੀ ਰਾਤ ਤੋਂ ਬਾਅਦ ਤੇਜ਼ੀ ਨਾਲ ਡਿੱਗ ਗਿਆ। ਇਸ ਦੌਰਾਨ ਸਫ਼ਦਰਜੰਗ ਵਿੱਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਤੋਂ ਡਿੱਗ ਕੇ 21 ’ਤੇ ਆ ਗਿਆ ਜਦੋਂ ਕਿ ਪਾਲਮ ਵਿੱਚ ਇਹ 29 ਤੋਂ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੂਸਾ ਵਿੱਚ ਤਾਪਾਮਾਨ ਵਿੱਚ 20.5 ਡਿਗਰੀ ਸੈਲਸੀਅਸ, ਪ੍ਰਗਤੀ ਮੈਦਾਨ ਵਿੱਚ 21.3 ਡਿਗਰੀ ਸੈਲਸੀਅਸ ਤੇ ਲੋਧੀ ਰੋਡ ਵਿੱਚ 22.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਤਰਾਂ ਅਨੁਸਾਰ ਖਰਾਬ ਮੌਸਮ ਕਾਰਨ ਦੇਸ਼ ਦੇ ਸਭ ਤੋਂ ਵੱਡੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ 17 ਉਡਾਣਾਂ ਸਮੇਤ ਕੁੱਲ 49 ਉਡਾਣਾਂ ਦੇ ਰੂਟ ਬਦਲੇ ਗਏ ਹਨ। ਹਵਾਈ ਅੱਡੇ ਦੇ ਟਰਮੀਨਲ ਤਿੰਨ ’ਤੇ ਪਾਣੀ ਭਰਨ ਦੀ ਸੂਚਨਾ ਹੈ। ਇਸ ਦੌਰਾਨ 180 ਉਡਾਣਾਂ ’ਚ ਦੇਰੀ ਹੋਈ ਤੇ ਕੁਝ ਨੂੰ ਰੱਦ ਕਰਨਾ ਪਿਆ। -ਪੀਟੀਆਈ
ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਠੱਪ
ਨਵੀਂ ਦਿੱਲੀ: ਦਿੱਲੀ ਵਿੱਚ ਰਾਤ ਝੱਖੜ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਬਵਾਨਾ, ਘੋਘਾ ਪਿੰਡ, ਰੋਹਿਣੀ ਸੈਕਟਰ-25, ਨਰੇਲਾ, ਸੁਲਤਾਨਪੁਰੀ, ਰੋਹਿਣੀ ਸੈਕਟਰ-22, ਕਰਾਲਾ, ਬਾਦਲੀ, ਸਿਰਸਾਪੁਰ, ਮੰਗੋਲਪੁਰੀ, ਪਿਤਮਪੁਰਾ ਤੇ ਰਿਠਾਲਾ ਵਿੱਚ ਬਿਜਲੀ ਸਪਲਾਈ ਠੱਪ ਰਹੀ। ਇਸ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੁਲਾਰੇ ਅਨੁਸਾਰ ਕਈ ਖੇਤਰਾਂ ਵਿੱਚ ਤੁਰੰਤ ਬਿਜਲੀ ਬਹਾਲ ਕਰ ਦਿੱਤੀ ਗਈ ਤੇ ਕਈ ਖੇਤਰਾਂ ਵਿੱਚ ਕੰਮ ਜਾਰੀ ਸੀ। -ਪੀਟੀਆਈ