ਹਾਰਟ ਕੇਅਰ ਫਾਊਂਡੇਸ਼ਨ ਦਾ ਸਿਹਤ ਮੇਲਾ
ਹਾਰਟ ਕੇਅਰ ਫਾਊਂਡੇਸ਼ਨ ਆਫ਼ ਇੰਡੀਆ ਵੱਲੋਂ ਹੋਲੀ ਫੈਮਿਲੀ ਕਾਲਜ ਆਫ਼ ਨਰਸਿੰਗ ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ 31ਵਾਂ ਪਰਫੈਕਟ ਹੈਲਥ ਮੇਲੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 800 ਵਿਦਿਆਰਥੀਆਂ ਨੇ ਪੇਸ਼ਕਾਰੀ ਦਿੱਤੀ। ਇਸ ਦੌਰਾਨ ਵੱਖ-ਵੱਖ ਡਾਕਟਰਾਂ ਨੇ ਕਿਹਾ ਕਿ ਮੇਲੇ ਰਾਹੀਂ ਪਦਮਸ਼੍ਰੀ ਡਾ. ਕੇ.ਕੇ. ਅਗਰਵਾਲ ਦੇ ਦ੍ਰਿਸ਼ਟੀਕੋਣ ਜਿਊਂਦਾ ਰੱਖਿਆ ਗਿਆ ਹੈ। ਡਾ. ਅਗਰਵਾਲ ਦੇ ਜੀਵਨ ਅਤੇ ਦਰਸ਼ਨ ਨੂੰ ਯਾਦ ਕਰਦੇ ਹੋਏ, ਨੈਸ਼ਨਲ ਹਾਰਟ ਇੰਸਟੀਚਿਊਟ ਦੇ ਸੀਈਓ ਅਤੇ ਚੀਫ਼ ਕਾਰਡੀਅਕ ਸਰਜਨ ਡਾ. ਓ. ਪੀ. ਯਾਦਵ ਨੇ ਕਿਹਾ ਕਿ ਡਾ. ਕੇ. ਕੇ. ਅਗਰਵਾਲ ਦਾ ਮੰਨਣਾ ਸੀ ਕਿ ਸੱਚੀ ਸਿਹਤ ਸੰਭਾਲ ਹਸਪਤਾਲ ਤੋਂ ਨਹੀਂ, ਸਗੋਂ ਸਮਾਜ ਦੇ ਦਿਲ ਤੋਂ ਸ਼ੁਰੂ ਹੁੰਦੀ ਹੈ। ਹਾਰਟ ਕੇਅਰ ਫਾਊਂਡੇਸ਼ਨ ਆਫ਼ ਇੰਡੀਆ ਦੀ ਟਰੱਸਟੀ ਡਾ. ਵੀਨਾ ਅਗਰਵਾਲ ਨੇ ਕਿਹਾ ਕਿ ਡਾ. ਕੇ. ਕੇ. ਅਗਰਵਾਲ ਲਈ ਸਿਹਤ ਸਿਰਫ਼ ਬਿਮਾਰੀ ਦੀ ਅਣਹੋਂਦ ਨਹੀਂ ਸੀ, ਸਗੋਂ ਸਰੀਰ, ਮਨ ਅਤੇ ਆਤਮਾ ਦੀ ਇਕਸੁਰਤਾ ਸੀ। 20 ਤੋਂ ਵੱਧ ਕਾਲਜਾਂ ਦੇ 800 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਦੀ 1,500 ਤੋਂ ਵੱਧ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ। ਸੰਗੀਤ, ਨਾਚ, ਨਾਟਕ ਅਤੇ ਨਵੀਨਤਾ ਰਾਹੀਂ, ਭਾਗੀਦਾਰਾਂ ਨੇ ਗੁੰਝਲਦਾਰ ਸਿਹਤ ਮੁੱਦਿਆਂ ਨੂੰ ਰਚਨਾਤਮਕ ਪ੍ਰਗਟਾਵੇ ਵਿੱਚ ਬਦਲ ਦਿੱਤਾ ਜੋ ਜਾਣਕਾਰੀ ਭਰਪੂਰ ਅਤੇ ਮਨੋਰੰਜਕ ਦੋਵੇਂ ਸਨ। ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਊਰਜਾ ਦਾ ਪ੍ਰਦਰਸ਼ਨ ਕੀਤਾ ਗਿਆ। ਬੌਲੀਵੁੱਡ ਗਾਇਕੀ ਵਿੱਚ ‘ਆਸ ਅਤੇ ਇਲਾਜ ਦੇ ਗੀਤ’ ਥੀਮ ’ਤੇ ਪੇਸ਼ਕਾਰੀ ਦਿੱਤੀ। ਮੋਨੋ ਐਕਟ ਵਿੱਚ ‘ਸਾਈਬਰਬੁਲਿੰਗ ਤੇ ਸੋਸ਼ਲ ਮੀਡੀਆ ਪ੍ਰੈੱਸ਼ਰ’ ਥੀਮ ’ਤੇ ਪੇਸ਼ਕਾਰੀ ਦਿੱਤੀ। ਸਟੈਂਡ-ਅੱਪ ਕਾਮੇਡੀ ਫਾਰ ਏ ਕਾਜ਼: ‘ਡਾਕਟਰ ਗੂਗਲ-ਐੱਮਬੀ ਬੀ ਐੱਸ ਇਨ ਕੰਫਿਊਜ਼ਨ’ ’ਤੇ ਕਾਮੇਡੀ ਪ੍ਰੋਗਰਾਮ ਕੀਤਾ ਗਿਆ। ‘ਦਿ ਵਰਚੁਅਲ ਵੈੱਬ ਆਫ਼ ਦ ਡਿਜੀਟਲ ਵਰਲਡ: ਲਾਈਕਸ ਬਨਾਮ ਲਾਈਫ’ ’ਤੇ ਲਘੂ ਨਾਟਕ ਖੇਡਿਆ ਗਿਆ।
