ਪੁਲੀਸ ਅਫਸਰ ਦੀ ਆਡੀਓ ਦੇ ਮਾਮਲੇ ’ਤੇ ਸੁਣਵਾਈ ਸੋਮਵਾਰ ਨੂੰ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ ‘ਮਿਸਟ ਸਪਰੇਅ’ ਤਕਨਾਲੋਜੀ ਲਾਗੂ ਕਰਨ ਲਈ ਯੋਜਨਾ ਤਿਆਰ ਕਰ ਰਹੀ ਹੈ। ਮੁੱਖ ਮੰਤਰੀ ਨੇ ਆਈ ਟੀ ਓ ਵਿੱਚ ਸਥਾਪਤ ਕੀਤੇ ਮਿਸਟ ਸਪ੍ਰੇਅਰ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਦਿੱਲੀ ਵਿੱਚ ਨੌਂ ਪ੍ਰਮੁੱਖ ਪ੍ਰਦੂਸ਼ਣ ਵਾਲੀਆਂ ਥਾਵਾਂ ’ਤੇ 305 ਮਿਸਟ ਸਪ੍ਰੇਅਰ ਲਗਾਉਣ ਦਾ ਕੰਮ ਚੱਲ ਰਿਹਾ ਹੈ। ਮਿਸਟ ਸਪ੍ਰੇਅਰ ਮੁੱਖ ਤੌਰ ’ਤੇ ਹਵਾ ਵਿੱਚ ਧੂੜ ਫੈਲਣ ਤੋਂ ਰੋਕਣ ਲਈ ਪਾਣੀ ਦੀਆਂ ਬਾਰੀਕ ਬੂੰਦਾਂ ਦਾ ਛਿੜਕਾਅ ਕਰਦੇ ਹਨ ਜਿਸ ਨਾਲ ਧੂੜ ਦੇ ਕਣ ਹੇਠਾਂ ਬੈਠ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮਿਸਟ ਤਕਨਾਲੋਜੀ ਨੂੰ ਪ੍ਰਦੂਸ਼ਣ ਦੇ ਪ੍ਰਭਾਵਸ਼ਾਲੀ ਹੱਲ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨਗਰ ਨਿਗਮ (ਐੱਨ ਡੀ ਐੱਮ ਸੀ) ਦੇ ਕੁਝ ਖੇਤਰਾਂ ਵਿੱਚ ਮਿਸਟ ਸਪ੍ਰੇਅਰਾਂ ਦੇ ਟਰਾਇਲਾਂ ਨੇ ਸਕਾਰਾਤਮਕ ਨਤੀਜੇ ਦਿਖਾਏ ਹਨ। ਨਿਰੀਖਣ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਦਿੱਲੀ ਦੀਆਂ ਸਾਰੀਆਂ ਸੜਕਾਂ ’ਤੇ ਮਿਸਟ ਸਪਰੇਅ ਮਸ਼ੀਨਾਂ ਲਗਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕਰ ਰਹੇ ਹਾਂ। ਆਈ ਟੀ ਓ ਵਿੱਚ 35 ਖੰਭਿਆਂ ’ਤੇ ਲਗਾਏ ਗਏ ਮਿਸਟ ਸਪ੍ਰੇਅਰ ਚੰਗੇ ਨਤੀਜੇ ਦੇ ਰਹੇ ਹਨ।’’ ਗੁਪਤਾ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੂੰ ਸਲਾਹ ਦੇਣ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੀ ਇੱਕ ਉੱਚ-ਪੱਧਰੀ ਕਮੇਟੀ ਬਣਾਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਕਮੇਟੀ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਭਾਰਤੀ ਤਕਨਾਲੋਜੀ ਸੰਸਥਾਨ ਅਤੇ ਵਾਤਾਵਰਣ ਵਿਗਿਆਨ ਦੇ ਮਾਹਿਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਮੇਟੀ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਗੁਪਤਾ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ, ਦਿੱਲੀ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਦਿੱਲੀ ਵਿਕਾਸ ਅਥਾਰਟੀ ਸਮੇਤ ਵੱਖ-ਵੱਖ ਵਿਭਾਗਾਂ ਨੂੰ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਦਿੱਲੀ ਸਰਕਾਰ ਦੇ ਪੋਰਟਲ ’ਤੇ ਟੋਇਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਰਿਹਾਇਸ਼ੀ ਖੇਤਰਾਂ ਵਿੱਚ ਸੁਰੱਖਿਆ ਗਾਰਡਾਂ ਨੂੰ ਹੀਟਰ ਵੰਡਣੇ ਚਾਹੀਦੇ ਹਨ ਤਾਂ ਜੋ ਉਹ ਸਰਦੀਆਂ ਵਿੱਚ ਲੱਕੜ, ਕੂੜਾ ਆਦਿ ਨਾ ਸਾੜਨ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਇਸ ਮੌਕੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਹਵਾ ਗੁਣਵੱਤਾ ’ਚ ਪਹਿਲਾਂ ਤੋਂ ਕੁੱਝ ਸੁਧਾਰ
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਹਵਾ ਦੀ ਗੁਣਵੱਤਾ ਥੋੜ੍ਹੀ ਸੁਧਰ ਗਈ ਹੈ ਅਤੇ ਹਵਾ ਗੁਣਵੱਤਾ ਸੂਚਕ ਅੰਕ 299 ਦਰਜ ਕੀਤਾ ਗਿਆ, ਜੋ ‘ਖਰਾਬ ਸ਼੍ਰੇਣੀ’ ਵਿੱਚ ਆਉਂਦਾ ਹੈ। ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੀ। ਜਾਣਕਾਰੀ ਅਨੁਸਾਰ ਮੰਗਲਵਾਰ ਤੋਂ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਬਰਕਰਾਰ ਸੀ। ਸੀਪੀਸੀਬੀ ਅਨੁਸਾਰ ਏ ਕਿਊ ਆਈ ਸਿਫ਼ਰ ਤੋਂ 50 ਵਿਚਕਾਰ ‘ਚੰਗਾ’, 51 ਤੋਂ 100 ਵਿਚਕਾਰ ਤਸੱਲੀਬਖ਼ਸ਼, 101 ਤੋਂ 200 ਵਿਚਕਾਰ ਮੱਧਮ, 201 ਤੋਂ 300 ਵਿਚਕਾਰ ਖਰਾਬ, 301-400 ਤੱਕ ਬਹੁਤ ਖਰਾਬ ਤੇ 401 ਤੋਂ 500 ਗੰਭੀਰ ਮੰਨਿਆ ਜਾਂਦਾ ਹੈ। ਭਾਰਤੀ ਮੌਸਮ ਵਿਗਿਆਨ ਅਨੁਸਾਰ ਦਿੱਲੀ ਵਿੱਚ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਮੌਸਮ ਅਨੁਸਾਰ ਔਸਤ ਤੋਂ 3.9 ਡਿਗਰੀ ਘੱਟ ਹੈ। -ਪੀਟੀਆਈ
