ਗੁਰੂ ਹਰਿਕ੍ਰਿਸ਼ਨ ਦਾ ਪ੍ਰਕਾਸ਼ ਪੁਰਬ ਮਨਾਇਆ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ, ਦਿੱਲੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਪਰਵਿੰਦਰ ਸਿੰਘ ਲੱਕੀ, ਦਲਵਿੰਦਰ ਸਿੰਘ, ਗੁਰਚਰਨ ਸਿੰਘ ਡਾਲੀ ਅਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਸਕੂਲ ਪ੍ਰਿੰਸੀਪਲ ਭੁਪਿੰਦਰ ਜੀਤ ਸਿੰਘ ਗੁਲਸ਼ਨ ਹੋਰਾਂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਝਾਤ ਪਾਉਂਦੀਆਂ ਕਵਿਤਾਵਾਂ, ਭਾਸ਼ਣ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਸਕੂਲ ਦੇ ਪ੍ਰਾਇਮਰੀ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਸੰਗਤੀ ਰੂਪ ਵਿੱਚ ਕੀਤਾ ਗਿਆ। ਇਸ ਮੌਕੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਦੇ ਭੋਗ ਅਤੇ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਗਿਆ। ਗੁਰਦੁਆਰਾ ਸੀਸ ਗੰਜ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਦੇ ਜਗਦੀਪ ਸਿੰਘ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ। ਪ੍ਰਿੰਸੀਵਲ ਭੁਪਿੰਦਰ ਜੀਤ ਗੁਲਸ਼ਨ ਨੇ ਗੁਰੂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਪਰਵਿੰਦਰ ਸਿੰਘ ਲੱਕੀ ਹੋਰਾਂ ਨੇ ਕਿਹਾ ਕਿ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਯਾਦ ਕਰਦਿਆਂ ਸਾਡੇ ਤਨ ਅਤੇ ਮਨ ਦੋਨਾਂ ਦੇ ਰੋਗ ਦੂਰ ਹੁੰਦੇ ਹਨ। ਸਾਨੂੰ ਆਪਣਾ ਜੀਵਨ ਗੁਰੂ ਸਾਹਿਬ ਦੀ ਦੱਸੀਆਂ ਹੋਈਆਂ ਸਿੱਖਿਆਵਾਂ ’ਤੇ ਚੱਲ ਕੇ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ ਵਿਦਿਆਰਥੀਆਂ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਹੱਥੀਂ ਲੰਗਰ ਦੀ ਸੇਵਾ ਕੀਤੀ ਗਈ।