ਗੁਰੂ ਗੋਬਿੰਦ ਸਿੰਘ ਦੇ ਜੋੜੇ ਪਟਨਾ ਸਾਹਿਬ ਸੁਸ਼ੋਭਿਤ ਕੀਤੇ ਜਾਣਗੇ: ਪੁਰੀ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਜੋੜੇ ਸਾਹਿਬ’ ਨੌਂ ਦਿਨ ਦੀ 1500 ਕਿਲੋਮੀਟਰ ਯਾਤਰਾ ਨਾਲ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਣਗੇ। ਇੱਥੇ ਸਰਕਾਰੀ ਰਿਹਾਇਸ਼ ’ਤੇ ਦਿੱਲੀ...
Advertisement
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਜੋੜੇ ਸਾਹਿਬ’ ਨੌਂ ਦਿਨ ਦੀ 1500 ਕਿਲੋਮੀਟਰ ਯਾਤਰਾ ਨਾਲ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਣਗੇ। ਇੱਥੇ ਸਰਕਾਰੀ ਰਿਹਾਇਸ਼ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਸਣੇ ਜੋੜਾ ਸਾਹਿਬ ਸਥਾਪਿਤ ਕਰਨ ਲਈ ਬਣਾਈ ਗਈ ਕਮੇਟੀ ਦੇ ਅਹਿਮ ਮੈਂਬਰਾਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਨੇ 1500 ਕਿਲੋਮੀਟਰ ਦੀ ਯਾਤਰਾ ਦੇ ਵੇਰਵੇ ਦਿੱਤੇ। ਯਾਤਰਾ ਚਾਰ ਰਾਜਾਂ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚੋਂ ਜਾਵੇਗੀ।
ਉਨ੍ਹਾਂ ਦੱਸਿਆ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਅਤੇ ਅਹਿਮ ਗੁਰਦੁਆਰਿਆਂ ਵਿੱਚ ਇਹ ਯਾਤਰਾ ਜਾਵੇਗੀ ਅਤੇ ਸੰਗਤ ਪਵਿੱਤਰ ਜੋੜਾ ਸਾਹਿਬਾਂ ਦੇ ਦਰਸ਼ਨ ਕਰੇਗੀ। ਫਿਰ ਇਹ ਯਾਤਰਾ ਦਿੱਲੀ ਤੋਂ ਫਰੀਦਾਬਾਦ, ਆਗਰਾ, ਬਰੇਲੀ, ਮਹਿੰਗਾ ਪੁਰ, ਲਖੀਮਪੁਰ ਖੀਰੀ, ਪ੍ਰਿਆਗਰਾਜ ਹੁੰਦੀ ਹੋਈ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚੇਗੀ। ਸ੍ਰੀ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਹਿਯੋਗ ਦੇਵੇਗੀ। ਐੱਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਉਨ੍ਹਾਂ 250 ਉੱਘੀਆਂ ਸ਼ਖ਼ਸੀਅਤਾਂ ਤੋਂ ਜੋੜਾ ਸਾਹਿਬ ਸਥਾਪਿਤ ਕਰਨ ਬਾਰੇ ਰਾਇ ਲਈ। ਫਿਰ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸ੍ਰੀ ਪਟਨਾ ਸਾਹਿਬ ਵਿੱਚ ਇਹ ਪਵਿੱਤਰ ਨਿਸ਼ਾਨੀਆਂ ਸਥਾਪਿਤ ਕੀਤੀਆਂ ਜਾਣ ਜਿੱਥੇ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਨਿਸ਼ਾਨੀਆਂ ਸੁਸ਼ੋਭਿਤ ਹਨ। ਇਸ ਮੌਕੇ ਸ੍ਰੀ ਰਾਮ ਕਾਲਜ ਦੀ ਪ੍ਰਿੰਸੀਪਲ ਸਿਮਰਤ ਕੌਰ, ਰਾਜਸਥਾਨ ਦੇ ਭਾਜਪਾ ਵਿਧਾਇਕ ਗੁਰਬੀਰ ਸਿੰਘ ਬਰਾੜ, ਪਟਨਾ ਸਾਹਿਬ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐੱਸ ਐੱਸ ਸੋਹੀ ਹਾਜ਼ਰ ਸਨ।
Advertisement
Advertisement