ਗ੍ਰੀਨ ਪਟਾਕੇ: ਮੁੱਖ ਮੰਤਰੀ ਵੱਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ
ਸੁਪਰੀਮ ਕੋਰਟ ਦਾ ਫ਼ੈਸਲਾ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਤੇ ਵਾਤਾਵਰਨ ਬਚਾੳੁਣ ਵਾਲਾ ਕਰਾਰ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਵਪਾਰੀਆਂ ਨੇ ਦਿੱਲੀ-ਐੱਨ ਸੀ ਆਰ ਵਿੱਚ ਗ੍ਰੀਨ ਪਟਾਕੇ ਖ਼ਰੀਦਣ ਅਤੇ ਚਲਾਉਣ ਦੀ ਪ੍ਰਵਾਨਗੀ ਦੇਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਐਕਸ ’ਤੇ ਪੋਸਟ ਪਾਉਂਦਿਆਂ ਆਖਿਆ ਕਿ ਦਿੱਲੀ ਸਰਕਾਰ ਦੀ ਵਿਸ਼ੇਸ਼ ਅਪੀਲ ’ਤੇ ਰਾਜਧਾਨੀ ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਦੇਣ ਲਈ ਉਹ ਸੁਪਰੀਮ ਕੋਰਟ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਦੀਵਾਲੀ ਦੇ ਪਵਿੱਤਰ ਤਿਉਹਾਰ ਸਬੰਧੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ ਅਤੇ ਨਾਲ ਹੀ ਵਾਤਾਵਰਨ ਬਚਾਉਣ ਦੇ ਉਪਰਾਲੇ ਦੀ ਤਰਜ਼ਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ, ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਗ੍ਰੀਨ ਦਿੱਲੀ ਦੀ ਵਚਨਬੱਧਤਾ ਪ੍ਰਤੀ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਤਿਉਹਾਰਾਂ ਦੀ ਭਾਵਨਾ ਨੂੰ ਕਾਇਮ ਰੱਖਣਾ ਅਤੇ ਵਾਤਾਵਰਨ ਸੁਰੱਖਿਆ ਦੀ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਇਸ ਦੀਵਾਲੀ ’ਤੇ ਸਾਰਿਆਂ ਨੂੰ ਮਿਲ ਕੇ ਗ੍ਰੀਨ ਪਟਾਕਿਆਂ ਨਾਲ ਜਸ਼ਨ ਮਨਾਉਣਾ ਚਾਹੀਦਾ ਹੈ ਅਤੇ ਵਾਤਾਵਰਨ ਬਚਾਉਣ ਲਈ ‘ਗ੍ਰੀਨ ਅਤੇ ਖੁਸ਼ਹਾਲ ਦਿੱਲੀ’ ਦੇ ਸੰਕਲਪ ਨੂੰ ਸਾਕਾਰ ਕਰਨਾ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ 18 ਤੋਂ 21 ਅਕਤੂਬਰ ਤੱਕ ਦਿੱਲੀ-ਐੱਨ ਸੀ ਆਰ ਵਿੱਚ ਗ੍ਰੀਨ ਪਟਾਕੇ ਵੇਚਣ ਅਤੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਹੁਣ ਲੋਕ ਬਿਨਾਂ ਕਿਸੇ ਡਰ ਤੋਂ ਹਰੇ ਪਟਾਕੇ ਖ਼ਰੀਦ ਤੇ ਚਲਾ ਸਕਣਗੇ। ਜਾਣਕਾਰੀ ਅਨੁਸਾਰ ਹਰਿਆਣਾ ਦੇ 22 ’ਚੋਂ 14 ਜ਼ਿਲ੍ਹੇ ਐੱਨ ਸੀ ਆਰ ਵਿੱਚ ਆਉਂਦੇ ਹਨ।
ਵਪਾਰੀਆਂ ਨੇ ਲਾਇਸੈਂਸ ਪ੍ਰਕਿਰਿਆ ਸੌਖੀ ਕਰਨ ਦੀ ਕੀਤੀ ਮੰਗ
ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਇਹ ਚੰਗਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਬਰੂਦ ਵਾਲੇ ਪਟਾਕੇ ਚੋਰੀ-ਛੁਪੇ ਵੇਚਣ ਅਤੇ ਖ਼ਰੀਦਣ ਦਾ ਰੁਝਾਨ ਘਟੇਗਾ। ਇਸ ਨਾਲ ਦਿੱਲੀ ਦੇ ਲੋਕ ਦੀਵਾਲੀ ਹੋਰ ਉਤਸ਼ਾਹ ਨਾਲ ਮਨਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਗ੍ਰੀਨ ਪਟਾਕੇ ਆਰਾਮ ਨਾਲ ਖਰੀਦੇ ਜਾ ਸਕਣਗੇ ਅਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ ਪਟਾਕੇ ਚਲਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਆਰਜ਼ੀ ਵਪਾਰੀਆਂ ਲਈ ਲਾਇਸੈਂਸ ਲੈਣਾ ਆਸਾਨ ਨਹੀਂ ਹੋਵੇਗਾ, ਕਿਉਂਕਿ ਦੀਵਾਲੀ ਵਿੱਚ ਦਿਨ ਹੀ ਕੁਝ ਰਹਿ ਗਏ ਹਨ। ਉਨ੍ਹਾਂ ਮੰਗ ਕੀਤੀ ਕਿਹਾ ਕਿ ਪਟਾਕੇ ਵੇਚਣ ਵਾਲੇ ਆਰਜ਼ੀ ਵਪਾਰੀਆਂ ਲਈ ਲਾਇਸੈਂਸ ਪ੍ਰਕਿਰਿਆ ਸੌਖੀ ਅਤੇ ਤੇਜ਼ ਕੀਤੀ ਜਾਵੇ ਤਾਂ ਜੋ ਉਹ ਇਸ ਮੌਕੇ ਪਟਾਕੇ ਖ਼ਰੀਦਣ ਅਤੇ ਵੇਚਣ ਦੇ ਪ੍ਰਬੰਧ ਕਰ ਸਕਣ।
ਪਟਾਕਿਆਂ ’ਤੇ ਪਾਬੰਦੀ ਪਿੱਛੇ ਖੱਬੇਪੱਖੀ ਸੋਚ ਸੀ: ਸਚਦੇਵਾ
ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਵਿੱਚ ਪਟਾਕਿਆਂ ’ਤੇ ਪਾਬੰਦੀ ਪਿੱਛੇ ਖੱਬੇਪੱਖੀ ਸੋਚ ਸੀ। ਉਨ੍ਹਾਂ ਅਨੁਸਾਰ ਖੱਬੇਪੱਖੀ ਵਿਅਕਤੀਆਂ ਨੇ ਸੁਪਰੀਮ ਕੋਰਟ ਵਿੱਚ ਗਲਤ ਅੰਕੜੇ ਪੇਸ਼ ਕਰਕੇ ਪਟਾਕਿਆਂ ’ਤੇ ਪਾਬੰਦੀ ਲਾਉਣ ਦੀ ਸਾਜ਼ਿਸ਼ ਰਚੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੁਣ ‘ਸਨਾਤਨਪ੍ਰੇਮੀ’ ਸਰਕਾਰ ਹੈ, ਜਿਸ ਨੇ ਅਦਾਲਤ ਵਿੱਚ ਸਹੀ ਦਲੀਲਾਂ ਅਤੇ ਸਹੀ ਅੰਕੜੇ ਪੇਸ਼ ਕਰਕੇ ਦਿੱਲੀ ਵਿੱਚ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਲੈ ਲਈ ਹੈ।
ਅਦਾਲਤੀ ਹੁਕਮ ਸਖ਼ਤੀ ਨਾਲ ਲਾਗੂ ਕਰੇ ਸਰਕਾਰ: ‘ਆਪ’
ਨਵੀਂ ਦਿੱਲੀ (ਪੱਤਰ ਪ੍ਰੇਰਕ) : ਸੁਪਰੀਮ ਕੋਰਟ ਵੱਲੋਂ ਦੀਵਾਲੀ ਮੌਕੇ ਦਿੱਲੀ ਵਿੱਚ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਵਾਗਤ ਕੀਤਾ ਹੈ। ਹਾਲਾਂਕਿ ਇਸ ਦੇ ਨਾਲ ਹੀ ‘ਆਪ’ ਨੇ ਵਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਚੌਕਸ ਕਰਦਿਆਂ ਅਦਾਲਤੀ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦੇ ਖ਼ਤਰੇ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਭਾਜਪਾ ਸਰਕਾਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਏ। ਉਨ੍ਹਾਂ ਨੇ ਪਿਛਲੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ, ‘2018 ਵਿੱਚ ਵੀ ਹਰੇ ਪਟਾਕਿਆਂ ਦੀ ਇਜਾਜ਼ਤ ਮਿਲੀ ਸੀ, ਪਰ ਉਸ ਸਮੇਂ ਦਿੱਲੀ ਪੁਲੀਸ ਨੇ ਹੁਕਮਾਂ ਨੂੰ ਲਾਗੂ ਕਰਨ ਵਿੱਚ ਗੰਭੀਰ ਲਾਪਰਵਾਹੀ ਵਰਤੀ ਸੀ। ਇਸੇ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ 2020 ਵਿੱਚ ਮਜਬੂਰਨ ਹਰ ਤਰ੍ਹਾਂ ਦੇ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਪਈ ਸੀ।’ ਗੋਪਾਲ ਰਾਏ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਭਾਜਪਾ ਦੀ ‘ਚਾਰ ਇੰਜਣਾਂ ਵਾਲੀ ਸਰਕਾਰ’ ਹੈ, ਇਸ ਲਈ ਸਾਨੂੰ ਉਮੀਦ ਹੈ ਕਿ ਇਸ ਵਾਰ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਦਿੱਲੀ ਦੇ ਲੋਕ ਤਿਉਹਾਰ ਵੀ ਮਨਾ ਸਕਣ ਅਤੇ ਪ੍ਰਦੂਸ਼ਣ ਤੋਂ ਵੀ ਬਚੇ ਰਹਿਣ।