ਬੰਗਾਲ ਚੋਣਾਂ ਕਾਰਨ ਸਰਕਾਰ ਨੇ ‘ਵੰਦੇ ਮਾਤਰਮ’ ’ਤੇ ਬਹਿਸ ਕਰਵਾਈ; ਧਿਆਨ ਭਟਕਾਉਣਾ ਸੀ ਮਕਸਦ: ਪ੍ਰਿਅੰਕਾ ਗਾਂਧੀ
ਕਾਂਗਰਸ ਆਗੂ ਪਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਰਕਾਰ ਨੇ ‘ਵੰਦੇ ਮਾਤਰਮ’ ’ਤੇ ਬਹਿਸ ਇਸ ਲਈ ਸ਼ੁਰੂ ਕਰਵਾਈ ਕਿਉਂਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਸਨ ਅਤੇ ਇਸ ਦਾ ਮਕਸਦ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਧਿਆਨ ਹਟਾਉਣਾ ਸੀ।
ਲੋਕ ਸਭਾ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲਾਂ ਬਾਰੇ ਚਰਚਾ ਵਿੱਚ ਹਿੱਸਾ ਲੈਂਦਿਆਂ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਹੁਣ ਉਹ ਪ੍ਰਧਾਨ ਮੰਤਰੀ ਨਹੀਂ ਰਹੇ ਜੋ ਪਹਿਲਾਂ ਹੁੰਦੇ ਸਨ, ਕਿਉਂਕਿ ਉਨ੍ਹਾਂ ਦਾ ਆਤਮ-ਵਿਸ਼ਵਾਸ ਘਟ ਰਿਹਾ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ।
ਵਾਇਨਾਡ ਤੋਂ ਕਾਂਗਰਸ ਦੀ ਸੰਸਦ ਮੈਂਬਰ ਨੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਸਰਕਾਰ ਇਸ ਬਹਿਸ ਰਾਹੀਂ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ਵਿਰੁੱਧ ਨਵੇਂ ਦੋਸ਼ ਲਗਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ, “ਕਿਉਂਕਿ ਤੁਸੀਂ ਨਹਿਰੂ ਬਾਰੇ ਗੱਲ ਕਰਦੇ ਰਹਿੰਦੇ ਹੋ, ਆਓ ਇੱਕ ਕੰਮ ਕਰੀਏ, ਆਓ ਚਰਚਾ ਲਈ ਸਮਾਂ ਨਿਰਧਾਰਤ ਕਰੀਏ, ਉਨ੍ਹਾਂ ਵਿਰੁੱਧ ਸਾਰੀਆਂ ਬੇਇੱਜ਼ਤੀਆਂ ਦੀ ਸੂਚੀ ਬਣਾਈਏ... ਇਸ ’ਤੇ ਬਹਿਸ ਕਰੀਏ ਅਤੇ ਇਸ ਅਧਿਆਏ ਨੂੰ ਹਮੇਸ਼ਾ ਲਈ ਬੰਦ ਕਰੀਏ।”
ਉਨ੍ਹਾਂ ਅੱਗੇ ਕਿਹਾ, “ਉਸ ਤੋਂ ਬਾਅਦ, ਆਓ ਅੱਜ ਦੇ ਮੁੱਦਿਆਂ ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਗੱਲ ਕਰੀਏ।”
ਪਿਅੰਕਾਗਾਂਧੀ ਨੇ ਕਿਹਾ, “ ਜਿਸ ਵਿਸ਼ੇ ’ਤੇ ਅਸੀਂ ਚਰਚਾ ਕਰ ਰਹੇ ਹਾਂ, ਉਹ ਦੇਸ਼ ਦੀ ਆਤਮਾ ਦਾ ਹਿੱਸਾ ਹੈ। ਜਦੋਂ ਅਸੀਂ ਵੰਦੇ ਮਾਤਰਮ ਦਾ ਜ਼ਿਕਰ ਕਰਦੇ ਹਾਂ, ਤਾਂ ਇਹ ਸਾਨੂੰ ਸਾਡੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਦੀ ਯਾਦ ਦਿਵਾਉਂਦਾ ਹੈ। ਇਹ ਬਹਿਸ ਅਜੀਬ ਹੈ ਇਸ ਗੀਤ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਹੈ; ਇਸ ਲਈ ਬਹਿਸ ਦੀ ਕੀ ਲੋੜ ਹੈ?”
ਉਨ੍ਹਾਂ ਕਿਹਾ, “ ਲੋਕਾਂ ਪ੍ਰਤੀ ਸਾਡਾ ਉਦੇਸ਼, ਸਾਡੀ ਜ਼ਿੰਮੇਵਾਰੀ ਕੀ ਹੈ, ਅਸੀਂ ਉਸ ਨੂੰ ਕਿਵੇਂ ਪੂਰਾ ਕਰ ਰਹੇ ਹਾਂ? ... ਅਸੀਂ ਰਾਸ਼ਟਰੀ ਗੀਤ ’ਤੇ ਬਹਿਸ ਕਿਉਂ ਕਰ ਰਹੇ ਹਾਂ? ਇਸ ਤੇ ਕੀ ਬਹਿਸ ਹੋ ਸਕਦੀ ਹੈ?"
ਉਨ੍ਹਾਂ ਨੇ ਦੋਸ਼ ਲਾਇਆ, “ਅਸੀਂ ਇਹ ਬਹਿਸ ਇਸ ਲਈ ਕਰ ਰਹੇ ਹਾਂ ਕਿਉਂਕਿ ਬੰਗਾਲ ਚੋਣਾਂ ਆ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਉਸ ਵਿੱਚ ਆਪਣੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।”
ਪਿਅੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਦੂਜਾ ਕਾਰਨ ਜਿਸ ਕਰਕੇ ਸਰਕਾਰ ਇਹ ਬਹਿਸ ਕਰਵਾਉਣਾ ਚਾਹੁੰਦੀ ਹੈ, ਉਹ ਇਹ ਹੈ ਕਿ ਉਹ ਉਨ੍ਹਾਂ ਲੋਕਾਂ ਵਿਰੁੱਧ ਨਵੇਂ ਦੋਸ਼ ਲਗਾਉਣਾ ਚਾਹੁੰਦੀ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਦੇਸ਼ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ।
ਉਨ੍ਹਾਂ ਕਿਹਾ, “ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਤੀਤ ਵਿੱਚ ਹੀ ਗੋਤੇ ਲਾਉਂਦੇ ਰਹੀਏ ਕਿਉਂਕਿ ਇਹ ਸਰਕਾਰ ਵਰਤਮਾਨ ਅਤੇ ਭਵਿੱਖ ਵੱਲ ਨਹੀਂ ਦੇਖਣਾ ਚਾਹੁੰਦੀ।”
ਉਨ੍ਹਾਂ ਕਿਹਾ, “ ਪ੍ਰਧਾਨ ਮੰਤਰੀ ਮੋਦੀ ਉਹ ਪ੍ਰਧਾਨ ਮੰਤਰੀ ਨਹੀਂ ਰਹੇ ਜੋ ਪਹਿਲਾਂ ਹੁੰਦੇ ਸਨ, ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਆਤਮ-ਵਿਸ਼ਵਾਸ ਘਟ ਰਿਹਾ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ। ਸਰਕਾਰ ਵਿੱਚ ਮੇਰੇ ਦੋਸਤ ਚੁੱਪ ਹਨ ਕਿਉਂਕਿ ਅੰਦਰੋਂ ਉਹ ਵੀ ਇਹ ਜਾਣਦੇ ਹਨ।”
ਪਿਅੰਕਾ ਗਾਂਧੀ ਨੇ ਲੋਕਾਂ ਨੂੰ ਵੰਦੇ ਮਾਤਰਮ ਦੀ ਕ੍ਰੋਨੋਲੋਜੀ ਨੂੰ ਸਮਝਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ ਬੰਕਿਮ ਚੰਦਰ ਚੈਟਰਜੀ ਨੇ ਇਹ ਗੀਤ 1875 ਵਿੱਚ ਲਿਖਿਆ ਸੀ, ਜਦੋਂ ਉਨ੍ਹਾਂ ਨੇ ਪਹਿਲੇ ਦੋ ਪਦੇ ਲਿਖੇ ਸਨ ਅਤੇ 1882 ਵਿੱਚ, ਚਾਰ ਪਦੇ ਜੋੜਨ ਤੋਂ ਬਾਅਦ ਇਸ ਨੂੰ ਆਨੰਦ ਮੱਠ ਵਿੱਚ ਪ੍ਰਕਾਸ਼ਿਤ ਕੀਤਾ।”
ਉਨ੍ਹਾਂ ਕਿਹਾ ਕਿ 1896 ਵਿੱਚ, ਗੁਰੂਦੇਵ ਰਾਬਿੰਦਰਨਾਥ ਟੈਗੋਰ ਨੇ ਇਸ ਨੂੰ ਪਹਿਲੀ ਵਾਰ ਕਾਂਗਰਸ ਸੈਸ਼ਨ ਵਿੱਚ ਗਾਇਆ ਸੀ।
ਉਨ੍ਹਾਂ ਨੇ ਨਹਿਰੂ ਅਤੇ ਬੋਸ ਵਿਚਕਾਰ ਹੋਏ ਪੱਤਰ-ਵਿਹਾਰ ਦਾ ਵੀ ਹਵਾਲਾ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਤੁਸ਼ਟੀਕਰਨ ਦੇ ਦੋਸ਼ ਦਾ ਖੰਡਨ ਕੀਤਾ।
ਪ੍ਰਧਾਨ ਮੰਤਰੀ ਦੀ ਨਿੰਦਾ ’ਤੇ ਉਨ੍ਹਾਂ ਕਿਹਾ, “ ਮੋਦੀ ਜੀ ਲਗਭਗ 12 ਸਾਲਾਂ ਤੋਂ ਪ੍ਰਧਾਨ ਮੰਤਰੀ ਹਨ ਅਤੇ ਨਹਿਰੂ ਜੀ ਲਗਭਗ ਓਨੇ ਹੀ ਸਮੇਂ ਲਈ ਜੇਲ੍ਹ ਵਿੱਚ ਸਨ।”
