ਗੋਆ ਨਾਈਟ ਕਲੱਬ ਮਾਮਲਾ: ‘ਮੈਂ ਸਿਰਫ਼ ਇੱਕ ਪਾਰਟਨਰ ਹਾਂ’: ਅਜੈ ਗੁਪਤਾ
ਗੋਆ ਦੇ Birch by Romeo Lane ਨਾਈਟ ਕਲੱਬ ਦੇ ਸਹਿ-ਮਾਲਕਾਂ ਵਿੱਚੋਂ ਇੱਕ ਅਜੈ ਗੁਪਤਾ ਨੇ ਕਿਹਾ ਕਿ ਉਹ ਸਿਰਫ਼ ਇੱਕ ਪਾਰਟਨਰ ਹਨ। ਇਹ ਬਿਆਨ ਉਨ੍ਹਾਂ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਅਪਰਾਧ ਸ਼ਾਖਾ ਦੇ ਐਂਟੀ-ਐਕਸਟੋਰਸ਼ਨ ਐਂਡ ਕਿਡਨੈਪਿੰਗ ਸੈੱਲ ਵਿੱਚ ਦਾਖਲ ਹੁੰਦੇ...
ਗੋਆ ਦੇ Birch by Romeo Lane ਨਾਈਟ ਕਲੱਬ ਦੇ ਸਹਿ-ਮਾਲਕਾਂ ਵਿੱਚੋਂ ਇੱਕ ਅਜੈ ਗੁਪਤਾ ਨੇ ਕਿਹਾ ਕਿ ਉਹ ਸਿਰਫ਼ ਇੱਕ ਪਾਰਟਨਰ ਹਨ।
ਇਹ ਬਿਆਨ ਉਨ੍ਹਾਂ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਅਪਰਾਧ ਸ਼ਾਖਾ ਦੇ ਐਂਟੀ-ਐਕਸਟੋਰਸ਼ਨ ਐਂਡ ਕਿਡਨੈਪਿੰਗ ਸੈੱਲ ਵਿੱਚ ਦਾਖਲ ਹੁੰਦੇ ਸਮੇਂ ਦਿੱਤਾ। ਉਨ੍ਹਾਂ ਨੂੰ ਇੱਥੇ ਉਸ ਮਾਮਲੇ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ, ਜੋ ਕਿ ਉਸ ਅੱਗ ਦੀ ਘਟਨਾ ਨਾਲ ਸਬੰਧਤ ਹੈ ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਗੋਆ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਅਤੇ ਟਰਾਂਜ਼ਿਟ ਰਿਮਾਂਡ ਲੈਣ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ, ਉੱਤਰੀ ਗੋਆ ਦੇ ਅਰਪੋਰਾ ਖੇਤਰ ਵਿੱਚ 6 ਦਸੰਬਰ ਨੂੰ ਲੱਗੀ ਅੱਗ ਤੋਂ ਬਾਅਦ ਗੁਪਤਾ ਜਾਂਚਕਰਤਾਵਾਂ ਤੋਂ ਬਚ ਰਿਹਾ ਸੀ।
ਗੋਆ ਪੁਲੀਸ ਵੱਲੋਂ ਦਿੱਲੀ ਵਿੱਚ ਪਹਿਲੀ ਭਾਲ ਅਸਫ਼ਲ ਰਹਿਣ ਤੋਂ ਬਾਅਦ ਉਸਦੇ ਖਿਲਾਫ਼ ਇੱਕ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਬਾਅਦ ਵਿੱਚ ਉਸਨੂੰ ਲਾਜਪਤ ਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੱਭਿਆ ਗਿਆ, ਜਿੱਥੇ ਉਸਨੇ ਕਥਿਤ ਤੌਰ ’ਤੇ ਰੀੜ੍ਹ ਦੀ ਹੱਡੀ ਨਾਲ ਸਬੰਧਤ ਡਾਕਟਰੀ ਸਮੱਸਿਆਵਾਂ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਦਾਖਲ ਕਰਵਾਇਆ ਹੋਇਆ ਸੀ।
ਗੋਆ ਪੁਲੀਸ ਨੇ ਪਹਿਲਾਂ ਹੀ ਨਾਈਟ ਕਲੱਬ ਦੇ ਪੰਜ ਸਟਾਫ਼ ਮੈਂਬਰਾਂ-ਚੀਫ਼ ਜਨਰਲ ਮੈਨੇਜਰ ਰਾਜੀਵ ਮੋਦਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ, ਗੇਟ ਮੈਨੇਜਰ ਰਿਆਂਸ਼ੂ ਠਾਕੁਰ ਅਤੇ ਕਰਮਚਾਰੀ ਭਰਤ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਦੌਰਾਨ, ਕਲੱਬ ਦੇ ਦੋ ਮਾਲਕ, ਭਰਾ ਸੌਰਭ ਅਤੇ ਗੌਰਵ ਲੂਥਰਾ, ਘਟਨਾ ਤੋਂ ਤੁਰੰਤ ਬਾਅਦ ਭਾਰਤ ਛੱਡ ਗਏ ਸਨ ਅਤੇ ਉਨ੍ਹਾਂ ਵਿਰੁੱਧ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਗੋਆ ਪਹੁੰਚਣ ’ਤੇ ਗੁਪਤਾ ਤੋਂ ਕਲੱਬ ਦੇ ਪ੍ਰਬੰਧਨ, ਸੰਚਾਲਨ ਜ਼ਿੰਮੇਵਾਰੀਆਂ ਅਤੇ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਬਾਰੇ ਵਿਸਥਾਰਤ ਪੁੱਛਗਿੱਛ ਕੀਤੀ ਜਾਵੇਗੀ।

