CJI Gavai flags vulnerability of girl child in digital era, calls for specialised training ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿਚ ਲੜਕੀਆਂ ਸਭ ਤੋਂ ਵੱਧ ਅਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਇਸ ਡਿਜੀਟਲ ਯੁੱਗ ਵਿਚ ਲੜਕੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹਨ। ਇਹ ਤਕਨੀਕ ਕਈ ਪਾਸਿਉਂ ਸੋਸ਼ਣ ਦਾ ਜ਼ਰੀਆ ਬਣ ਗਈ ਹੈ। ਸ੍ਰੀ ਗਵਈ ਨੇ ਸੁਪਰੀਮ ਕੋਰਟ ਦੀ ਜੁਵੇਨਾਈਲ ਜਸਟਿਸ ਕਮੇਟੀ ਅਤੇ ਯੂਨੀਸੈਫ ਇੰਡੀਆ ਵਲੋਂ ਕਰਵਾਏ ਕੌਮੀ ਸਮਾਗਮ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਲਈ ਅੱਜ ਆਨਲਾਈਨ ਹਰਾਸਮੈਂਟ, ਸਾਈਬਰ ਬੁਲਿੰਗ, ਨਿਜੀ ਜਾਣਕਾਰੀ ਦੀ ਦੁਰਵਰਤੋਂ ਤੇ ਡੀਪਫੇਕ ਤਸਵੀਰਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸੰਵਿਧਾਨਕ ਗਾਰੰਟੀ ਦੇ ਬਾਵਜੂਦ ਮੁੱਢਲੇ ਹੱਕਾਂ ਲਈ ਜੂਝਣਾ ਪੈਂਦਾ ਹੈ, ਇਸ ਵੇਲੇ ਲੜਕੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਿਆ ਰੱਖਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਨੀਤੀ ਬਣਾਉਣ ਵਾਲਿਆਂ ਅਤੇ ਲਾਗੂ ਕਰਨ ਵਾਲੀਆਂ ਅਥਾਰਟੀਆਂ ਨੂੰ ਮੌਜੂਦਾ ਦੌਰ ਨੂੰ ਧਿਆਨ ਵਿਚ ਰੱਖਦਿਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ, ਇਸ ਸਬੰਧੀ ਪੁਲੀਸ ਅਫਸਰਾਂ, ਸਿੱਖਿਅਕਾਂ ਦੇ ਸਿਹਤ ਪੇਸ਼ੇਵਰਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਸਿਖਲਾਈ ਪ੍ਰੋਗਰਾਮਾਂ ਸ਼ੁਰੂ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਲੜਕੀਆਂ ਨਾਲ ਸੋਸ਼ਣ, ਮਨੁੱਖੀ ਤਸਕਰੀ, ਬਾਲ ਵਿਆਹ ਤੇ ਭੇਦਭਾਵ ਨੂੰ ਵੀ ਦੂਰ ਕਰਨ ਲਈ ਯਤਨ ਹੋਰ ਤੇਜ਼ ਕਰਨੇ ਚਾਹੀਦੇ ਹਨ।