ਅੱਗ ਲੱਗਣ ਮਗਰੋਂ ਬਚਾਈ ਬੱਚੀ ਦੀ ਇਲਾਜ ਦੌਰਾਨ ਮੌਤ
ਨਵੀਂ ਦਿੱਲੀ:
ਪੂਰਬੀ ਦਿੱਲੀ ਦੇ ਬੱਚਿਆਂ ਦੇ ਹਸਪਤਾਲ ਵਿੱਚ ਬੀਤੇ ਦਿਨੀਂ ਅੱਗ ਲੱਗਣ ਮਗਰੋਂ ਬਚਾਈ ਗਈ 50 ਦਿਨ ਦੀ ਬੱਚੀ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਮਗਰੋਂ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਉਧਰ ਇਸ ਘਟਨਾ ਮਗਰੋਂ ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ (ਏਸੀਬੀ) ਨੇ ਸ਼ਹਿਰ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਦੇ ਰਜਿਸਟਰੇਸ਼ਨ ਅਤੇ ਰੈਗੂਲੇਟਰੀ ਪ੍ਰਬੰਧਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘50 ਦਿਨਾਂ ਦੀ ਬੱਚੀ ਦਾ ਇਲਾਜ ਚੱਲ ਰਿਹਾ ਸੀ। ਅੱਜ ਸਵੇਰੇ ਉਸ ਨੇ ਦਮ ਤੋੜ ਦਿੱਤਾ। ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।’’ ਪੀੜਤ ਦੇ ਪਰਿਵਾਰਕ ਮੈਂਬਰ ਨੇ ਵੀ ਬੱਚੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਬੱਚੀ ਨੂੰ ਹਸਪਤਾਲ ਤੋਂ ਬਚਾਇਆ ਗਿਆ ਸੀ ਉਸ ਵੇਲੇ ਉਸ ਦੇ ਸਰੀਰ ’ਤੇ ਝੁਲਸਣ ਦੇ ਨਿਸ਼ਾਨ ਨਹੀਂ ਸਨ। ਗ਼ੌਰਤਲਬ ਹੈ ਕਿ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿਚਲੇ ਬੱਚਿਆਂ ਦੇ ਹਸਪਤਾਲ ਵਿੱਚ 26 ਮਈ ਨੂੰ ਅੱਗ ਲੱਗਣ ਕਾਰਨ ਛੇ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਜ਼ਖ਼ਮੀਆਂ ’ਚੋਂ ਇੱਕ ਬੱਚੀ ਅੱਜ ਹਸਪਤਾਲ ਵਿੱਚ ਦਮ ਤੋੜ ਗਈ। ਇਸ ਘਟਨਾ ਮਗਰੋਂ ਏਸੀਬੀ ਨੇ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਸੀਬੀ ਦੀਆਂ ਟੀਮਾਂ ਨੇ ਪਿਛਲੇ 48 ਘੰਟਿਆਂ ਵਿੱਚ ਪੂਰਬੀ ਦਿੱਲੀ ਵਿੱਚ 40 ਪ੍ਰਾਈਵੇਟ ਮੈਡੀਕਲ ਸੈਂਟਰਾਂ ਦੀ ਜਾਂਚ ਕੀਤੀ ਹੈ ਅਤੇ ਇਨ੍ਹਾਂ ’ਚੋਂ ਕੁਝ ’ਚ ਖਾਮੀਆਂ ਪਾਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਏਸੀਬੀ ਨੇ ਇਸ ਸਬੰਧੀ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਚਾਰ ਟੀਮਾਂ ਬਣਾਈਆਂ ਹਨ। -ਪੀਟੀਆਈ