ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਖੋਲ੍ਹੇ
ਦਿੱਲੀ ਵਿੱਚ ਧਮਾਕੇ ਤੋਂ ਚਾਰ ਦਿਨ ਬਾਅਦ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ 2 ਅਤੇ 3 ਮੁੜ ਖੁੱਲ੍ਹ ਗਏ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ ਐੱਮ ਆਰ ਸੀ) ਅਨੁਸਾਰ ਬੰਬ ਧਮਾਕੇ ਕਾਰਨ ਲਾਲ ਕਿਲਾ ਮੈਟਰੋ ਸਟੇਸ਼ਨ ਨੂੰ ਆਰਜ਼ੀ ਤੌਰ ’ਤੇ...
ਦਿੱਲੀ ਵਿੱਚ ਧਮਾਕੇ ਤੋਂ ਚਾਰ ਦਿਨ ਬਾਅਦ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ 2 ਅਤੇ 3 ਮੁੜ ਖੁੱਲ੍ਹ ਗਏ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ ਐੱਮ ਆਰ ਸੀ) ਅਨੁਸਾਰ ਬੰਬ ਧਮਾਕੇ ਕਾਰਨ ਲਾਲ ਕਿਲਾ ਮੈਟਰੋ ਸਟੇਸ਼ਨ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਧਮਾਕੇ ਤੋਂ ਬਾਅਦ ਡੀ ਐੱਮ ਆਰ ਸੀ ਨੇ ਸਖ਼ਤ ਸੁਰੱਖਿਆ ਉਪਾਅ ਕੀਤੇ ਸਨ। ਇਸ ਰੂਟ ’ਤੇ ਮੈਟਰੋ ਦਾ ਸੰਚਾਲਨ ਜਾਰੀ ਸੀ ਪਰ ਲਾਲ ਕਿਲਾ ਮੈਟਰੋ ਸਟੇਸ਼ਨ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਇਸ ਰੂਟ ਦੀਆਂ ਸਾਰੀਆਂ ਆਉਣ ਜਾਣ ਵਾਲੀਆਂ ਮੈਟਰੋ ਗੱਡੀਆਂ ਇਸ ਮੈਟਰੋ ਸਟੇਸ਼ਨ ’ਤੇ ਨਹੀਂ ਸੀ ਰੁਕਦੀਆਂ। ਇਸ ਬਾਰੇ ਮੈਟਰੋ ਦੇ ਅੰਦਰ ਲਗਾਤਾਰ ਮੁਨਾਦੀ ਵੀ ਕੀਤੀ ਜਾਂਦੀ ਸੀ। ਅੱਜ ਇਹ ਮੈਟਰੋ ਖੋਲਣ ਨਾਲ ਲੋਕਾਂ ਨੂੰ ਸਦਰ ਬਾਜ਼ਾਰ, ਚਾਂਦਨੀ ਚੌਕ, ਪਹਾੜਗੰਜ ਅਤੇ ਜਾਮਾ ਮਸਜਿਦ ਦੇ ਇਲਾਕੇ ਵਿੱਚ ਜਾਣ ਲਈ ਘੁੰਮ ਕੇ ਨਹੀਂ ਜਾਣਾ ਪਵੇਗਾ। 10 ਨਵੰਬਰ ਦੇ ਧਮਾਕੇ ਤੋਂ ਬਾਅਦ ਬੰਦ ਕੀਤੀ ਗਈ ਇਸ ਜਗ੍ਹਾ ਦੇ ਆਲੇ-ਦੁਆਲੇ ਦੀ ਸੜਕ ਨੂੰ ਹੁਣ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਸੜਕ ਜਾਂਚ ਦੇ ਉਦੇਸ਼ਾਂ ਲਈ ਆਰਜ਼ੀ ਤੌਰ ’ਤੇ ਬੰਦ ਕੀਤੀ ਗਈ ਸੀ ਪਰ ਹੁਣ ਇਸ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਇੱਕ ਵੱਡਾ ਸਮਾਗਮ ਹੋਣ ਵਾਲਾ ਹੈ। ਸਭ ਕੁਝ ਆਮ ਵਾਂਗ ਹੋ ਗਿਆ ਹੈ ਅਤੇ ਇਸ ਨੂੰ ਜਨਤਾ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਿੱਥੇ ਬੰਬ ਧਮਾਕਾ ਹੋਇਆ ਸੀ ਉਸ ਥਾਂ ਨੂੰ ਚਾਰੇ ਪਾਸਿਓਂ ਚਿੱਟੇ ਕੱਪੜੇ ਨਾਲ ਢੱਕ ਦਿੱਤਾ ਗਿਆ ਸੀ ਤਾਂ ਜੋ ਜਾਂਚ ਦੌਰਾਨ ਕੋਈ ਵਿਘਨ ਨਾ ਪਵੇ।

