ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈੱਸ ਰਿਹਰਸਲ ਨੇ ਰਾਜਧਾਨੀ ਕੀਤੀ ਜਾਮ
ਨਵੀਂ ਦਿੱਲੀ, 23 ਜਨਵਰੀ
ਅੱਜ ਇੱਥੇ ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈੱਸ ਰਿਹਰਸਲ ਕਾਰਨ ਮੱਧਿਆ ਦਿੱਲੀ ਵਿੱਚ ਸੜਕਾਂ ’ਤੇ ਜਾਮ ਲੱਗ ਗਏ। ਇਸ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਰਾਹਗੀਰ ਕਾਫ਼ੀ ਪ੍ਰੇਸ਼ਾਨ ਹੋਏ। ਉਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਕਈ-ਕਈ ਘੰਟੇ ਕਤਾਰਾਂ ਵਿੱਚ ਖੜ੍ਹਾ ਹੋਣਾ ਪਿਆ। ਇੰਡੀਆ ਗੇਟ ਅਤੇ ਆਈਟੀਓ ਦੇ ਨੇੜੇ ਤਾਂ ਹਰ ਸੜਕ ’ਤੇ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ ਦਿਖਾਈ ਦਿੱਤੇ। ਇੱਕ ਰਾਹਗੀਰ ਨੇ ਦੱਸਿਆ ਕਿ ਆਈਟੀਓ ਅਤੇ ਆਈਪੀ ਐਕਸਟੈਂਸ਼ਨ ਦੇ ਨੇੜੇ ਰਿੰਗ ਰੋਡ ’ਤੇ ਆਵਾਜਾਈ ਕਾਫ਼ੀ ਜ਼ਿਆਦਾ ਹੈ। ਉਸ ਨੇ ਦੱਸਿਆ ਕਿ ਉਹ ਆਈਟੀਓ ਜਾ ਰਿਹਾ ਸੀ। ਉਸੇ ਸਮੇਂ ਉਸ ਨੇ ਦੇਖਿਆ ਕਿ ਰਿੰਗ ਰੋਡ ’ਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਵਿਕਾਸ ਮਾਰਗ ’ਤੇ ਵੀ ਆਵਾਜਾਈ ਬਹੁਤ ਜ਼ਿਆਦਾ ਸੀ। ਉਨ੍ਹਾਂ ਨੂੰ ਆਈਪੀ ਐਕਸਟੈਂਸ਼ਨ ਮੈਟਰੋ ਸਟੇਸ਼ਨ ਦੇ ਨੇੜੇ ਯੂ ਟਰਨ ਲੈਣਾ ਪਿਆ। ਜੇ ਉਹ ਯੂ ਟਰਨ ਨਾ ਲੈਂਦਾ ਤਾਂ ਸ਼ਾਇਦ ਉਹ ਵਾਹਨਾਂ ਦੀਆਂ ਕਤਾਰਾਂ ਵਿੱਚ ਲੱਗ ਕੇ ਆਪਣੀ ਮੰਜ਼ਿਲ ਤੱਕ ਸਮੇਂ ਸਿਰ ਨਾ ਪਹੁੰਚ ਸਕਦਾ। ਮੱਧਿਆ ਦਿੱਲੀ ਵਿੱਚ ਕਨਾਟ ਪੈਲੇਸ ਵਿੱਚ ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ ਨੇੜੇ ਵੀ ਵਾਹਨ ਰੇਂਗਦੇ ਹੋਏ ਕੱਛੂਕੁੰਮੇ ਦੀ ਚਾਲ ਚਲਦੇ ਦਿਖਾਈ ਦਿੱਤੇ। -ਪੀਟੀਆਈ
ਪਲੀਸ ਨਾਕਿਆਂ ਕਾਰਨ ਰਾਹਗੀਰ ਪ੍ਰੇਸ਼ਾਨ
ਨੋਇਡਾ ਵਾਸੀ ਸਨੇਹਾ ਰਾਏ ਨੇ ਦੱਸਿਆ ਕਿ ਦਿੱਲੀ-ਨੋਇਡਾ ਸਰਹੱਦ ’ਤੇ ਸੁਰੱਖਿਆ ਸੁਰੱਖਿਆ ਜਾਂਚ ਕਾਰਨ ਉਥੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਨਾਕੇ ’ਤੇ ਪੁਲੀਸ ਮੁਲਾਜ਼ਮ ਹਰ ਵਾਹਨ ਦੀ ਤਲਾਸ਼ੀ ਲੈ ਰਹੇ ਸਨ ਅਤੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਦਿੱਲੀ-ਨੋਇਡਾ ਸਰਹੱਦ ’ਤੇ ਅਲਾਵਾ ਆਸ਼ਰਮ ਚੌਕ ਅਤੇ ਰਿੰਗ ਰੋਡ ’ਤੇ ਆਵਾਜਾਈ ਬਹੁਤ ਜ਼ਿਆਦਾ ਸੀ। ਇੰਡੀਆ ਗੇਟ ’ਤੇ ਸੀ ਹੈਕਸਾਗਨ ਨੇੜੇ ਸੜਕਾਂ ਬੰਦ ਹੋਣ ਕਾਰਨ ਚਲਦੇ ਵਾਹਨਾਂ ਲਈ ਰਸਤਾ ਬਦਲਣਾ ਪਿਆ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜ਼ਿਕਰਯੋਗ ਹੈ ਕਿ ਇਸ ਸਬੰਧੀ ਬੀਤੇ ਕੱਲ੍ਹ ਪੁਲੀਸ ਨੇ ਇੰਡੀਆ ਗੇਟ ਅਤੇ ਉਸ ਦੇ ਨੇੜੇ ਵਾਹਨਾਂ ਦੀ ਆਵਾਜਾਈ ਸਬੰਧੀ ਰਸਤੇ ਬਦਲਣ ਦੇ ਸਬੰਧ ਵਿੱਚ ਸੂਚਨਾ ਜਾਰੀ ਕੀਤੀ ਸੀ। ਇਸ ਦੇ ਬਾਵਜੂਦ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲਗ ਗਈਆਂ। -ਪੀਟੀਆਈ