ਸਿਵਲ ਸੇਵਾਵਾਂ ਤੇ ਰੱਖਿਆ ਖੇਤਰ ਲਈ ਮਿਲੇਗੀ ਮੁਫ਼ਤ ਕੋਚਿੰਗ
ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਪਵਿੱਤਰ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਬਿਕਰਮਜੀਤ ਸਿੰਘ ਸਾਹਨੀ ਨੇ ਸਿਵਲ ਸੇਵਾਵਾਂ ਅਤੇ ਰੱਖਿਆ ਖੇਤਰ ਵਿੱਚ ਜਾਣ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਵਿਸ਼ੇਸ਼ ਸਕਾਲਰਸ਼ਿਪ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਡਾ. ਸਾਹਨੀ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਪੰਜਾਬ ਦੇ ਆਰਥਿਕ ਪੱਖੋਂ ਕਮਜ਼ੋਰ ਪਰ ਕਾਬਲ ਵਿਦਿਆਰਥੀਆਂ ਨੂੰ ਦੇਸ਼ ਦੀਆਂ ਬਿਹਤਰੀਨ ਕੋਚਿੰਗ ਸੰਸਥਾਵਾਂ ਵਿੱਚ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਸੰਸਥਾਵਾਂ ਵਿੱਚ ਵਜੀਰਾਓ ਐਂਡ ਰੈਡੀ ਦ੍ਰਿਸ਼ਟੀ ਆਈ ਏ ਐੱਸ ਅਤੇ ਚਾਣਕਿਆ ਆਈ ਏ ਐੱਸ ਅਕੈਡਮੀ ਸ਼ਾਮਲ ਹਨ ਜਿੱਥੇ ਵਿਦਿਆਰਥੀ ਯੂ ਪੀ ਐੱਸ ਸੀ, ਪੀ ਸੀ ਐੱਸ ਅਤੇ ਰੱਖਿਆ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। ਦੇਸ਼ ਸੇਵਾ ਵਿੱਚ ਪੰਜਾਬ ਦੀ ਸ਼ਾਨਦਾਰ ਵਿਰਾਸਤ ਦਾ ਜ਼ਿਕਰ ਕਰਦਿਆਂ ਡਾ. ਸਾਹਨੀ ਨੇ ਕਿਹਾ ਕਿ ਸੂਬੇ ਨੇ ਇਤਿਹਾਸਕ ਤੌਰ ’ਤੇ ਦੇਸ਼ ਨੂੰ ਬਿਹਤਰੀਨ ਅਧਿਕਾਰੀ ਦਿੱਤੇ ਹਨ ਜਿਨ੍ਹਾਂ ਵਿੱਚ ਏਅਰ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ (1965 ਦੀ ਜੰਗ ਦੇ ਨਾਇਕ) ਅਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ (1971 ਦੀ ਜੰਗ ਦੇ ਨਾਇਕ) ਸ਼ਾਮਲ ਹਨ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੌਮੀ ਸੇਵਾਵਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਘਟੀ ਹੈ।
