ਚਾਰ-ਮੰਜ਼ਿਲਾ ਇਮਾਰਤ ਨੂੰ ਅੱਗ, 7 ਜਣਿਆਂ ਨੂੰ ਬਚਾਇਆ
ਦੀਵਾਲੀ ਦੀ ਰਾਤ ਨੂੰ ਪੱਛਮੀ ਦਿੱਲੀ ਦੇ ਮੋਹਨ ਗਾਰਡਨ ਇਲਾਕੇ ਵਿੱਚ ਇੱਕ ਚਾਰ-ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਤਿੰਨ ਪਰਿਵਾਰਾਂ ਦੇ ਸੱਤ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਹ ਅੱਗ ਪਟਾਕਿਆਂ ਕਾਰਨ ਲੱਗੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਦੱਸਿਆ ਕਿ ਰਾਤ 9:49 ਵਜੇ ਮੋਹਨ ਗਾਰਡਨ ਵਿੱਚ ਇੱਕ ਰਿਹਾਇਸ਼ੀ ਘਰ ਵਿੱਚ ਅੱਗ ਲੱਗਣ ਸਬੰਧੀ ਪੀ.ਸੀ.ਆਰ. ਕਾਲ ਮਿਲੀ। ਉਨ੍ਹਾਂ ਕਿਹਾ, ‘ਕੁੱਲ ਸੱਤ ਲੋਕਾਂ ਨੂੰ ਇਮਾਰਤ ਵਿੱਚੋਂ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਚਾਰ ਨੂੰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਪੁਲੀਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਰੱਸੀਆਂ ਦੀ ਵਰਤੋਂ ਕਰਕੇ ਬਾਹਰ ਕੱਢ ਲਿਆ ਸੀ। ਬਾਕੀ ਤਿੰਨ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸੁਰੱਖਿਅਤ ਬਾਹਰ ਕੱਢਿਆ।’ ਬਚਾਏ ਗਏ ਲੋਕਾਂ ਵਿੱਚ ਹਰਵਿੰਦਰ ਸਿੰਘ (34), ਉਸ ਦੀ ਪਤਨੀ ਪ੍ਰਿਆ (27), ਵਰਿੰਦਰ ਸਿੰਘ (32), ਉਸ ਦੀ ਪਤਨੀ ਪ੍ਰੇਮਵਧਾ, ਰਾਖੀ ਕੁਮਾਰੀ (40) ਅਤੇ ਉਸ ਦੇ ਬੱਚੇ ਵੈਸ਼ਨਵੀ ਸਿਨਹਾ (15) ਤੇ ਕ੍ਰਿਸ਼ਨ ਸਿਨਹਾ (10) ਸ਼ਾਮਲ ਹਨ। ਸਾਰੇ ਸੁਰੱਖਿਅਤ ਹਨ। ਦਿੱਲੀ ਫਾਇਰ ਸਰਵਿਸ (ਡੀ.ਐੱਫ.ਐੱਸ.) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 10 ਵਜੇ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅੱਗ ਬੁਝਾਉਣ ਲਈ ਛੇ ਗੱਡੀਆਂ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ ਅਤੇ ਰਾਤ 11:30 ਵਜੇ ਤੱਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਇੱਕ ਚਸ਼ਮਦੀਦ ਸ਼ੇਖਰ ਨੇ ਦੱਸਿਆ, ‘ਰਾਤ ਨੂੰ ਜਦੋਂ ਪਟਾਕੇ ਚਲਾਏ ਜਾ ਰਹੇ ਸਨ ਤਾਂ ਇਮਾਰਤ ਵਿੱਚ ਅੱਗ ਲੱਗ ਗਈ। ਅਸੀਂ ਉਸ ਸਮੇਂ ਛੱਤ ’ਤੇ ਸੀ। ਖੁਸ਼ਕਿਸਮਤੀ ਨਾਲ ਸਾਰੇ ਸੁਰੱਖਿਅਤ ਬਚਾ ਲਏ ਗਏ।’
ਸੰਜੈ ਗਾਂਧੀ ਟਰਾਂਸਪੋਰਟ ਨਗਰ ’ਚ ਦੋ ਗੁਦਾਮਾਂ ਨੂੰ ਅੱਗ
ਨਵੀਂ ਦਿੱਲੀ: ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰ-ਪੱਛਮੀ ਦਿੱਲੀ ਦੇ ਸੰਜੈ ਗਾਂਧੀ ਟਰਾਂਸਪੋਰਟ ਨਗਰ ਵਿੱਚ ਅੱਜ ਤੜਕੇ ਦੋ ਇਮਾਰਤਾਂ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਨੂੰ ਮੌਕੇ ’ਤੇ ਭੇਜਣਾ ਪਿਆ। ਅਧਿਕਾਰੀ ਨੇ ਦੱਸਿਆ ਕਿ ਲਗਭਗ 1000 ਵਰਗ ਮੀਟਰ ਵਿੱਚ ਫੈਲੇ ਦੋ ਗੁਦਾਮਾਂ ਵਿੱਚ ਅੱਗ ਲੱਗਣ ਸਬੰਧੀ ਇੱਕ ਕਾਲ ਰਾਤ 1:25 ਵਜੇ ਮਿਲੀ ਸੀ। ਉਨ੍ਹਾਂ ਕਿਹਾ, ‘ਇਹ ਗੁਦਾਮ ਤਿੰਨ ਮੰਜ਼ਿਲਾ (ਬੇਸਮੈਂਟ, ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ) ਹਨ। ਗੁਦਾਮਾਂ ਵਿੱਚ ਆਟੋਮੋਬਾਈਲ ਮੁਰੰਮਤ ਦੇ ਔਜ਼ਾਰ ਅਤੇ ਹੋਰ ਸਾਮਾਨ ਰੱਖਿਆ ਹੋਇਆ ਸੀ।’ ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। -ਪੀਟੀਆਈ