ਚਾਰ ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ, 100 ਲੋਕਾਂ ਨੂੰ ਸੁਰੱਖਿਅਤ ਕੱਢਿਆ
ਨੋਇਡਾ, 9 ਜੁਲਾਈ
ਇੱਥੇ ਇੱਕ ਇਮਾਰਤ ’ਚ ਰਸੋਈ ਗੈਸ ਲੀਕ ਹੋਣ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਇਮਾਰਤ ਦੀ ਛੱਤ ’ਤੇ ਲਗਭਗ 100 ਲੋਕ ਫਸ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ, ‘‘ਮੰਗਲਵਾਰ ਰਾਤ ਕਰੀਬ 11:30 ਵਜੇ ਫੇਜ਼-2 ਥਾਣਾ ਖੇਤਰ ਦੇ ਨਯਾ ਪਿੰਡ ਵਿੱਚ ਚਾਰ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ ਵੱਖ-ਵੱਖ ਕੇਂਦਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ।’’ ਉਨ੍ਹਾਂ ਦੱਸਿਆ ਕਿ ਪਹਿਲੀ ਤੋਂ ਚੌਥੀ ਮੰਜ਼ਿਲ ’ਤੇ ਰਹਿਣ ਵਾਲੇ ਲੋਕ ਅੱਗ ਤੋਂ ਬਚਣ ਲਈ ਇਮਾਰਤ ਦੀ ਛੱਤ ’ਤੇ ਚਲੇ ਗਏ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸਨ।
ਚੌਬੇ ਨੇ ਦਾਅਵਾ ਕੀਤਾ, ''ਪੰਜ ਮਿੰਟ ਦੇ ਅੰਦਰ ਪਹੁੰਚੀ ਟੀਮ ਨੇ ਛੱਤ ’ਤੇ ਫਸੇ ਕਰੀਬ 100 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।'' ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਪਤਾ ਚੱਲਿਆ ਕਿ ਰਸੋਈ ਗੈਸ ਲੀਕ ਹੋਣ ਕਾਰਨ ਅੱਗ ਲੱਗੀ। -ਪੀਟੀਆਈ