ਪਹਿਲੀ ਅਟਲ ਕੰਟੀਨ ਦਾ ਨੀਂਹ ਪੱਥਰ
ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਤਿਮਾਰਪੁਰ ਖੇਤਰ ਵਿੱਚ ਪਹਿਲੀ ‘ਅਟਲ ਕੰਟੀਨ’ ਦਾ ਨੀਂਹ ਪੱਥਰ ਰੱਖਿਆ, ਜੋ ਭਾਜਪਾ ਵੱਲੋਂ ਕੀਤੇ ਗਏ ਇੱਕ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਨਾਮ ’ਤੇ 100 ਅਜਿਹੀਆਂ ਕੰਟੀਨਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ ਜਿਸ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਸਿਰਫ਼ 5 ਰੁਪਏ ਪ੍ਰਤੀ ਵਿਅਕਤੀ ਵਿੱਚ ਦੋ ਵਾਰ ਦਾ ਖਾਣਾ ਦੇਣਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਪਹਿਲ ਭਾਜਪਾ ਸਰਕਾਰ ਦੇ ਮਜ਼ਦੂਰ-ਸ਼੍ਰੇਣੀ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਦੀ ਇੱਕ ਉਦਾਹਰਣ ਹੈ।
ਇਸ ਸਾਲ ਫਰਵਰੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੌਮੀ ਰਾਜਧਾਨੀ ਵਿੱਚ ਅਟਲ ਕੰਟੀਨ ਖੋਲ੍ਹਣਾ ਭਾਜਪਾ ਦੇ ਚੋਣ ਵਾਅਦਿਆਂ ਵਿੱਚੋਂ ਇੱਕ ਸੀ। ਸੰਜੇ ਬਸਤੀ ਵਿੱਚ ਜੇਜੇ ਕਲੱਸਟਰ ਵਿੱਚ ਨੀਂਹ ਪੱਥਰ ਸਮਾਗਮ ਦੌਰਾਨ ਮੁੱਖ ਮੰਤਰੀ ਦੇ ਨਾਲ ਸ਼ਹਿਰੀ ਵਿਕਾਸ ਮੰਤਰੀ ਆਸ਼ੀਸ਼ ਸੂਦ ਵੀ ਸਨ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਨੀਂਹ ਪੱਥਰ ਮਗਰੋਂ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਸਿਰਫ਼ ਅੱਠ ਮਹੀਨਿਆਂ ਵਿੱਚ ਦਿੱਲੀ ਨਾਲ ਕੀਤੇ ਗਏ ਇੱਕ ਹੋਰ ਵਾਅਦੇ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਕਦਮ ਚੁੱਕਿਆ ਗਿਆ ਹੈ। ਰਾਜਧਾਨੀ ਵਿੱਚ 100 ਅਟਲ ਕੰਟੀਨਾਂ ਦਾ ਇੱਕ ਵਿਸ਼ਾਲ ਨੈੱਟਵਰਕ ਸਥਾਪਤ ਕੀਤਾ ਜਾਵੇਗਾ ਤਾਂ ਜੋ ਇਹ ਸਹੂਲਤ ਹਰ ਲੋੜਵੰਦ ਵਿਅਕਤੀ ਤੱਕ ਆਸਾਨੀ ਨਾਲ ਅਤੇ ਸਮੇਂ ਸਿਰ ਪਹੁੰਚ ਸਕੇ। ਪਹਿਲੀ ਅਟਲ ਕੰਟੀਨ ਦਾ ਉਦਘਾਟਨ 25 ਦਸੰਬਰ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਜਨਮ ਦਿਨ ’ਤੇ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਦਿੱਲੀ ਵਾਸੀਆਂ ਨੂੰ ਕਿਸੇ ਸਹੂਲਤ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।
