ਸਾਬਕਾ ਬੈਂਕ ਕਰਮੀ ਨੂੰ ਇੱਕ ਮਹੀਨੇ ਤੱਕ ਰੱਖਿਆ 'ਡਿਜੀਟਲ ਅਰੈਸਟ', 23 ਕਰੋੜ ਠੱਗੇ
ਈਡੀ ਅਤੇ ਸੀਬੀਆਈ ਅਧਿਕਾਰੀਆਂ ਵਜੋਂ ਪੇਸ਼ ਹੁੰਦਿਆਂ ਸਾਈਬਰ ਠੱਗਾਂ ਨੇ ਦੱਖਣੀ ਦਿੱਲੀ ਦੇ ਗੁਲਮੋਹਰ ਪਾਰਕ ਇਲਾਕੇ ਵਿੱਚ ਇੱਕ ਸੇਵਾਮੁਕਤ ਬੈਂਕਰ ਨੂੰ ਲਗਪਗ ਇੱਕ ਮਹੀਨੇ ਲਈ ‘ਡਿਜੀਟਲ ਗ੍ਰਿਫਤਾਰ’ ਕਰਕੇ 23 ਕਰੋੜ ਦੀ ਠੱਗੀ ਮਾਰੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਕਥਿਤ ਤੌਰ ’ਤੇ ਪੀੜਤ ਨੂੰ ਕਿਹਾ ਕਿ ਉਸ ਦਾ ਆਧਾਰ ਕਾਰਡ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਤਿਵਾਦ ਨੂੰ ਫੰਡ ਦੇਣ ਅਤੇ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਾਮਲ ਸੀ। ਠੱਗਾਂ ਨੇ ਜਾਂਚ ਦੇ ਬਹਾਨੇ ਵਿਅਕਤੀ ਨੂੰ ਉਸ ਦੇ ਫਲੈਟ ਤੱਕ ਸੀਮਤ ਕਰ ਦਿੱਤਾ।
ਅਧਿਕਾਰੀ ਨੇ ਕਿਹਾ, ‘‘ਠੱਗਾਂ ਨੇ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਉਸ ਦੀ ਬੱਚਤ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ।’’
ਪੁਲੀਸ ਅਨੁਸਾਰ 78 ਸਾਲਾ ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਹ ਸਿਲਸਿਲਾ 4 ਅਗਸਤ ਨੂੰ ਸ਼ੁਰੂ ਹੋਇਆ ਜਦੋਂ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜੋ ਖੁਦ ਨੂੰ ਮੁੰਬਈ ਪੁਲਿਸ ਅਧਿਕਾਰੀ ਦੱਸ ਰਿਹਾ ਸੀ। ਫੋਨ ਕਰਨ ਵਾਲੇ ਨੇ ਉਸ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੈਕੇਟ ਨਾਲ ਜੁੜੇ ਹੋਣ ਦਾ ਦੋਸ਼ ਲਗਾਇਆ। ਬਾਅਦ ਵਿੱਚ ਈਡੀ ਅਤੇ ਸੀਬੀਆਈ ਅਧਿਕਾਰੀਆਂ ਦਾ ਰੂਪ ਧਾਰ ਕੇ ਠੱਗਾਂ ਨੇ ਵੀ ਉਸ ਨਾਲ ਸੰਪਰਕ ਕੀਤਾ।
ਅਧਿਕਾਰੀ ਨੇ ਅੱਗੇ ਕਿਹਾ, ‘‘ਡਰ ਕਾਰਨ, ਪੀੜਤ ਨੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਅਤੇ ਆਪਣੇ ਬੈਂਕ ਖਾਤਿਆਂ ਤੋਂ ਠੱਗਾਂ ਦੁਆਰਾ ਦੱਸੇ ਗਏ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਦਾ ਰਿਹਾ। ਦੋਸ਼ੀਆਂ ਨੇ ਪੀੜਤ ਨੂੰ ਇਹ ਮਾਮਲਾ ਕਿਸੇ ਨੂੰ ਦੱਸਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ।’’
ਇਹ ਸਭ 4 ਸਤੰਬਰ ਤੱਕ ਜਾਰੀ ਰਿਹਾ, ਜਿਸ ਤੋਂ ਬਾਅਦ ਠੱਗਾਂ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਉਸ ਨੇ ਮਹਿਸੂਸ ਕੀਤਾ ਕਿ ਉਸ ਨਾਲ ਠੱਗੀ ਹੋਈ ਹੈ, ਇਸ ਲਈ 19 ਸਤੰਬਰ ਨੂੰ ਉਸ ਨੇ ਐੱਨਸੀਆਰਪੀ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਮਾਮਲੇ ਨੂੰ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪਰੇਸ਼ਨਜ਼ (IFSO) ਯੂਨਿਟ ਨੂੰ ਤਬਦੀਲ ਕਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਠੱਗੀ ਗਈ ਰਕਮ ਵਿੱਚੋਂ ₹12.11 ਕਰੋੜ ਵੱਖ-ਵੱਖ ਬੈਂਕ ਖਾਤਿਆਂ ਵਿੱਚ ਫ੍ਰੀਜ਼ ਕਰ ਦਿੱਤੇ ਗਏ ਹਨ।
ਪੁਲੀਸ ਅਧਿਕਾਰੀਆਂ ਨੇ ਕਿਹਾ, ‘‘ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ’ਤੇ ਕਈ ਟੀਮਾਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ ਅਤੇ ਜਲਦੀ ਹੀ ਕੇਸ ਸੁਲਝਾ ਲਿਆ ਜਾਵੇਗਾ।