ਹੜ੍ਹਾਂ ਦਾ ਖ਼ਤਰਾ: ਲੋਕਾਂ ਦੇ ਘਰਾਂ ’ਚ ਯਮੁਨਾ ਦਾ ਪਾਣੀ ਦਾਖ਼ਲ
ਯਮੁਨਾ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਰਾਜਧਾਨੀ ਦੇ ਯਮੁਨਾ ਬਜ਼ਾਰ ਅਤੇ ਨੇੜਲੇ ਇਲਾਕਿਆਂ ਵਿੱਚ ਪਾਣੀ ਵੜ ਗਿਆ ਹੈ। ਪਾਣੀ ਭਰਨ ਕਾਰਨ ਲੋਕਾਂ ਨੂੰ ਆਪਣੇ ਘਰ ਛੱਡਣ, ਘਰਾਂ ਦੀਆਂ ਛੱਤਾਂ ’ਤੇ ਚੜ੍ਹਨ ਜਾਂ ਅਸਥਾਈ ਤੰਬੂਆਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਯਮੁਨਾ ਬਜ਼ਾਰ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਹਾਲ ਜਾਣਿਆ, ਨਾਲ ਹੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਮੱਦਦ ਦੇਣ ਦਾ ਭਰੋਸਾ ਦਿੱਤਾ। ਰੇਖਾ ਗੁਪਤਾ ਨੇ ਕਿਹਾ ਕਿ ਅੱਜ ਉਹ ਦਿੱਲੀ ਦੇ ਯਮੁਨਾ ਬਜ਼ਾਰ ਖੇਤਰ ਵਿੱਚ ਪਹੁੰਚੀ ਅਤੇ ਹੜ੍ਹ ਪ੍ਰਬੰਧਨ ਅਤੇ ਪ੍ਰਸ਼ਾਸਨਿਕ ਤਿਆਰੀਆਂ ਦਾ ਫੀਲਡ ਨਿਰੀਖਣ ਕੀਤਾ, ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਸਵੇਰੇ ਕੁਝ ਸਮੇਂ ਲਈ ਯਮੁਨਾ ਦੇ ਪਾਣੀ ਦਾ ਪੱਧਰ 206 ਮੀਟਰ ਨੂੰ ਛੂਹਣ ਦੀ ਉਮੀਦ ਸੀ ਪਰ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਇਹ ਖੇਤਰ ਯਮੁਨਾ ਦੇ ਹੜ੍ਹ ਮੈਦਾਨ ਦਾ ਨੀਵਾਂ ਖੇਤਰ ਹੈ, ਇਸ ਲਈ ਪਾਣੀ ਇੱਥੇ ਪਹੁੰਚਿਆ ਪਰ ਉਸ ਤੋਂ ਅੱਗੇ ਨਹੀਂ ਗਿਆ। ਦਿੱਲੀ ਵਿੱਚ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ। ਇਹ ਪਾਣੀ ਦੇ ਪੱਧਰ ਵਿੱਚ ਸਭ ਤੋਂ ਵੱਧ ਵਾਧਾ ਸੀ ਜਿਸ ਕਾਰਨ ਕੁਝ ਇਲਾਕਿਆਂ ਵਿੱਚ ਪਾਣੀ ਜਮ੍ਹਾ ਹੋ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਕੰਟਰੋਲ ਰੂਮ ਤੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਰਾਹਤ ਅਤੇ ਬਚਾਅ ਟੀਮਾਂ ਪੂਰੀ ਚੌਕਸੀ ਨਾਲ ਤਾਇਨਾਤ ਹਨ ਤਾਂ ਜੋ ਹਰ ਸਥਿਤੀ ਨਾਲ ਨਜਿੱਠਿਆ ਜਾ ਸਕੇ।
205.85 ਮੀਟਰ ’ਤੇ ਪਹੁੰਚਿਆ ਯਮੁਨਾ ਦਾ ਪਾਣੀ
ਦਿੱਲੀ ਦੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ 19 ਅਗਸਤ ਨੂੰ ਸਵੇਰੇ 8 ਵਜੇ ਪੁਰਾਣੇ ਰੇਲਵੇ ਪੁਲ ’ਤੇ ਨਦੀ ਦਾ ਪਾਣੀ 205.85 ਮੀਟਰ ਦਰਜ ਕੀਤਾ ਗਿਆ ਜੋ ਕਿ 206 ਮੀਟਰ ਦੇ ਚਿਤਾਵਨੀ ਨਿਸ਼ਾਨ ਤੋਂ ਥੋੜ੍ਹਾ ਦੂਰ ਹੈ। ਸੋਮਵਾਰ ਦੁਪਹਿਰ ਨੂੰ ਇਹ ਪਹਿਲਾਂ ਹੀ 205.33 ਮੀਟਰ ਦੇ ਖ਼ਤਰੇ ਦੇ ਪੱਧਰ ਨੂੰ ਪਾਰ ਕਰ ਚੁੱਕਾ ਸੀ। ਫਿਰ ਸ਼ਾਮ ਨੂੰ 205.55 ਮੀਟਰ ਤੱਕ ਪਹੁੰਚ ਗਿਆ ਅਤੇ ਲਗਾਤਾਰ ਵੱਧ ਰਿਹਾ ਹੈ। ਅਧਿਕਾਰੀਆਂ ਵੱਲੋਂ ਸਥਿਤੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਾਉਂ ਢੁਕਵੇਂ ਪ੍ਰਬੰਧ ਕਰ ਲਏ ਜਾਣ। ਦਿੱਲੀ ਪੁਲੀਸ ਵੱਲੋਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਅਨਾਉਂਸਮੈਂਟ ਕੀਤੀ ਗਈ ਹੈ ਕਿ ਕਿ ਲੋਕ ਯਮੁਨਾ ਦੇ ਕੰਢਿਆਂ ਵੱਲ ਨਾ ਜਾਣ।
ਛੱਤਾਂ ’ਤੇ ਚੜ੍ਹੇ ਲੋਕ, ਖਾਣੇ ਨੂੰ ਤਰਸੇ
ਕਈ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਖਾਣਾ ਮੁਹੱਈਆ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਸਮਾਨ ਪਾਣੀ ਵਿੱਚ ਡੁੱਬ ਗਿਆ ਹੈ ਇਸੇ ਕਰਕੇ ਉਹ ਛੱਤਾਂ ’ਤੇ ਰਹਿਣ ਲਈ ਮਜਬੂਰ ਹਨ। ਇੱਕ ਹੋਰ ਨਾਗਰਿਕ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਉਨ੍ਹਾਂ ਦੀਆਂ ਕਈ ਚੀਜ਼ਾਂ, ਸਮਾਨ ਸਭ ਕੁਝ ਤਬਾਹ ਹੋ ਗਿਆ ਹੈ। ਅਧਿਕਾਰੀਆਂ ਨੇ ਵਧਦੇ ਪਾਣੀ ਦੇ ਪੱਧਰ ਨੂੰ ਘੱਟ ਕਰਨ ਲਈ ਓਖਲਾ ਬੈਰਾਜ ਦੇ ਸਾਰੇ ਗੇਟ ਖੋਲ੍ਹ ਦਿੱਤੇ ਹਨ। ਹਥਨੀਕੁੰਡ ਅਤੇ ਵਜ਼ੀਰਾਬਾਦ ਬੈਰਾਜ ਤੋਂ ਛੱਡਿਆ ਜਾ ਰਿਹਾ ਪਾਣੀ ਸ਼ਾਮ ਤੱਕ ਜਾਂ ਰਾਤ ਤੱਕ ਦਿੱਲੀ ਪਹੁੰਚ ਜਾਏਗਾ ਤਾਂ ਯਮੁਨਾ ਦਾ ਹੋਰ ਪਾਣੀ ਘਰਾਂ ਤੱਕ ਪਹੁੰਚਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਸਰਕਾਰੀ ਤੰਬੂਆਂ ’ਚ ਅਤੇ ਛੱਤ ’ਤੇ ਰਹਿਣ ਲਈ ਮਜਬੂਰ ਹੋਏ ਲੋਕ
ਦੱਸਿਆ ਗਿਆ ਹੈ ਕਿ ਹੜ੍ਹ ਦਾ ਪਾਣੀ ਘਰਾਂ ਵਿੱਚ ਦਾਖਲ ਹੋਣ ਦੇ ਨਾਲ ਪਰਿਵਾਰਾਂ ਨੂੰ ਜਲਦੀ ਨਾਲ ਬਾਹਰ ਕੱਢਿਆ ਗਿਆ। ਲੋਕਾਂ ਨੇ ਕਿਹਾ ਕਿ ਕੱਲ੍ਹ (ਸੋਮਵਾਰ) ਸ਼ਾਮ 7 ਵਜੇ ਦੇ ਕਰੀਬ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ। ਉਹ ਘਰੋਂ ਬਾਹਰ ਆਉਣ ਲਈ ਮਜਬੂਰ ਹੋ ਗਏ। ਕਈ ਲੋਕਾਂ ਨੂੰ ਮਜਬੂਰਨ ਘਰਾਂ ਦੀਆਂ ਛੱਤਾਂ ’ਤੇ ਚੜ੍ਹਨਾ ਪਿਆ ਹੈ। ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ ਇਹ ਸਮੱਸਿਆ ਪਿਛਲੇ ਕੁਝ ਦਿਨਾਂ ਤੋਂ ਸੀ ਪਰ ਕੱਲ੍ਹ ਹਾਲਾਤ ਵਿਗੜ ਗਏ ਕਿਉਂਕਿ ਪਾਣੀ ਘਰਾਂ ਤੱਕ ਆ ਗਿਆ। ਸਰਕਾਰ ਨੇ ਤੰਬੂ ਲਗਾਏ ਹਨ, ਅਤੇ ਉਹ ਹੁਣ ਲਈ ਉੱਥੇ ਰਹਿ ਰਹੇ ਹਨ।