Flight operations normal at Delhi airport; govt to carry out root cause analysis of ATC glitch ਦੇਸ਼ ਦੇ ਸਭ ਤੋਂ ਰੁਝੇਂਵਿਆਂ ਵਾਲੇ ਦਿੱਲੀ ਹਵਾਈ ਅੱਡੇ ’ਤੇ ਅੱਜ ਉਡਾਣਾਂ ਆਮ ਵਾਂਗ ਚੱਲੀਆਂ ਤੇ ਕੋਈ ਉਡਾਣ ਰੱਦ ਨਾ ਹੋਈ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਸਾਂਝੀ ਕੀਤੀ ਹੈ ਜਦਕਿ ਬੀਤੇ ਦਿਨੀਂ 800 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਸਨ।
ਜ਼ਿਕਰਯੋਗ ਹੈ ਕਿ ਹਵਾਈ ਆਵਾਜਾਈ ਨੂੰ ਸੁਚਾਰੂ ਕਰਵਾਉਣ ਵਾਲਾ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ (AMSS) ਖਰਾਬ ਹੋ ਗਿਆ ਸੀ ਪਰ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ। ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਦੁਪਹਿਰ ਤੱਕ ਸਿਸਟਮ ਨੂੰ ਪੂਰੀ ਤਰ੍ਹਾਂ ਆਟੋਮੈਟਿਕ ਮੋਡ ਵਿੱਚ ਬਹਾਲ ਕਰ ਦਿੱਤਾ ਗਿਆ ਸੀ ਅਤੇ ਸ਼ਨਿਚਰਵਾਰ ਨੂੰ ਕੋਈ ਉਡਾਣ ਰੱਦ ਨਹੀਂ ਕੀਤੀ ਗਈ।
ਕੌਮੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚਾਰ ਰਨਵੇਅ ਹਨ ਜਿੱਥੋਂ ਰੋਜ਼ਾਨਾ 1,500 ਤੋਂ ਵੱਧ ਉਡਾਣਾਂ ਆਉਂਦੀਆਂ ਤੇ ਜਾਂਦੀਆਂ ਹਨ।
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਅਧਿਕਾਰੀਆਂ ਨੂੰ ਤਕਨੀਕੀ ਨੁਕਸ ਦਾ ਮੁਲਾਂਕਣ ਕਰਨ ਅਤੇ ਏਟੀਸੀ ਕਾਰਜਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਤੇ ਹੋਰ ਥਾਵਾਂ ’ਤੇ ਉਡਾਣਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਪੀਟੀਆਈ

