Flights Delayed: ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ 'ਤੇ 300 ਤੋਂ ਵੱਧ ਉਡਾਣਾਂ ਪਛੜੀਆਂ
ਨਵੀਂ ਦਿੱਲੀ, 9 ਅਗਸਤ (ਪੀ.ਟੀ.ਆਈ.)
ਖ਼ਰਾਬ ਮੌਸਮ ਕਾਰਨ ਸ਼ਨਿੱਚਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ 300 ਤੋਂ ਵੱਧ ਉਡਾਣਾਂ ਦੇਰੀ ਨਾਲ ਆਪੋ-ਆਪਣੀਆਂ ਮੰਜ਼ਲਾਂ ਨੂੰ ਰਵਾਨਾ ਹੋ ਸਕੀਆਂ। ਇੱਕ ਅਧਿਕਾਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਅੱਜ ਭਾਰੀ ਬਾਰਸ਼ ਹੋਈ। ਇਸ ਦੌਰਾਨ ਇਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਕੋਈ ਉਡਾਣ ਡਾਇਵਰਸ਼ਨ ਨਹੀਂ ਕੀਤੀ ਗਈ।
IGIA ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ, ਜੋ ਰੋਜ਼ਾਨਾ ਲਗਭਗ 1,300 ਉਡਾਣਾਂ ਦੀ ਆਵਾਜਾਈ ਨੂੰ ਸੰਭਾਲਦਾ ਹੈ। ਹਵਾਈ ਅੱਡੇ 'ਤੇ 300 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਅਤੇ ਕੁਝ ਨੂੰ ਰੱਦ ਕਰ ਦਿੱਤਾ ਗਿਆ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com 'ਤੇ ਉਪਲਬਧ ਅੰਕੜਿਆਂ ਅਨੁਸਾਰ, ਫਲਾਈਟ ਰਵਾਨਗੀ ਵਿੱਚ ਔਸਤਨ ਦੇਰੀ ਲਗਭਗ 17 ਮਿੰਟ ਸੀ।
ਸਵੇਰੇ X 'ਤੇ ਇੱਕ ਪੋਸਟ ਵਿੱਚ, ਇੰਡੀਗੋ ਨੇ ਕਿਹਾ ਕਿ ਦਿੱਲੀ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਫਲਾਈਟ ਸ਼ਡਿਊਲ ਵਿੱਚ ਕੁਝ ਅਸਥਾਈ ਵਿਘਨ ਪਿਆ।
ਇਸ ਵਿਚ ਕਿਹਾ ਗਿਆ ਹੈ, "ਜੇ ਤੁਸੀਂ ਅੱਜ ਯਾਤਰਾ ਕਰ ਰਹੇ ਹੋ, ਤਾਂ ਕਿਰਪਾ ਕਰਕੇ ਸੰਭਾਵੀ ਦੇਰੀ ਤੋਂ ਸੁਚੇਤ ਰਹੋ ਅਤੇ ਆਪਣੀ ਯਾਤਰਾ ਲਈ ਵਾਧੂ ਸਮਾਂ ਦਿਓ, ਖਾਸ ਕਰਕੇ ਟ੍ਰੈਫਿਕ ਆਮ ਨਾਲੋਂ ਹੌਲੀ ਹੋਣ ਕਾਰਨ।’’
ਏਅਰ ਇੰਡੀਆ ਨੇ ਸਵੇਰੇ ਇੱਕ ਪੋਸਟ ਵਿੱਚ ਕਿਹਾ ਕਿ ਬਾਰਿਸ਼ ਸ਼ਨਿੱਚਰਵਾਰ ਨੂੰ ਦਿੱਲੀ ਆਉਣ ਅਤੇ ਇਥੋਂ ਜਾਣ ਵਾਲੀਆਂ ਉਡਾਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਸ਼ਨਿੱਚਰਵਾਰ ਸਵੇਰੇ 8.30 ਵਜੇ ਤੱਕ 24 ਘੰਟਿਆਂ ਵਿੱਚ, ਦਿੱਲੀ ਦੇ ਪ੍ਰਾਇਮਰੀ ਮੌਸਮ ਸਟੇਸ਼ਨ ਸਫਦਰਜੰਗ ਵਿੱਚ 78.7 ਮਿਲੀਮੀਟਰ, ਪ੍ਰਗਤੀ ਮੈਦਾਨ ਵਿੱਚ 100 ਮਿਲੀਮੀਟਰ, ਲੋਧੀ ਰੋਡ 'ਤੇ 80 ਮਿਲੀਮੀਟਰ, ਪੂਸਾ ਵਿੱਚ 69 ਮਿਲੀਮੀਟਰ ਅਤੇ ਪਾਲਮ ਵਿੱਚ 31.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।