Flights delayed: ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ਪ੍ਰਭਾਵਿਤ
Over 100 flights delayed at Delhi airport; 10 flights cancelled as fog hits operations at Srinagar airport; ਦਿੱਲੀ, ਅੰਮ੍ਰਿਤਸਰ, ਚੰਡੀਗੜ੍ਹ, ਕੋਲਕਾਤਾ ਅਤੇ ਲਖਨਊ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਹਵਾਈ ਅੱਡੇ ’ਤੇ ਐਤਵਾਰ ਨੂੰ ਖਰਾਬ ਮੌਸਮ ਕਾਰਨ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਕੋਈ ਉਡਾਣ ਦਾ ਰੂਟ ਨਹੀਂ ਬਦਲਿਆ ਗਿਆ ਅਤੇ ਨਾ ਹੀ ਕੋਈ ਉਡਾਣ ਰੱਦ ਕੀਤੀ ਗਈ ਹੈ। ਸੰਘਣੀ ਧੁੰਦ ਕਾਰਨ ਦਿਖਾਈ ਦੇਣ ਦੀ ਸਮਰੱਥਾ ਘੱਟ ਹੋਣ ਕਾਰਨ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਮਿਥੇ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਰਹੇ ਹਨ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਅੱਜ ਸਵੇਰੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਯਾਤਰੀਆਂ ਨੂੰ ਹਵਾਈ ਉਡਾਣਾਂ ਸਬੰਧੀ ਜਾਣਕਾਰੀ ਲਈ ਏਅਰਲਾਈਨ ਦੇ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੋਂ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।
ਇੰਡੀਗੋ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਖਰਾਬ ਮੌਸਮ ਕਾਰਨ ਦਿੱਲੀ, ਅੰਮ੍ਰਿਤਸਰ, ਚੰਡੀਗੜ੍ਹ, ਕੋਲਕਾਤਾ ਅਤੇ ਲਖਨਊ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।’’ -ਪੀਟੀਆਈ
ਸ੍ਰੀਨਗਰ ਹਵਾਈ ਅੱਡੇ ਤੋਂ 10 ਉਡਾਣਾਂ ਰੱਦ
ਸ੍ਰੀਨਗਰ: ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਸੰਘਣੀ ਧੁੰਦ ਕਾਰਨ 10 ਉਡਾਣਾਂ ਰੱਦ ਕਰਨੀਆਂ ਪਈਆਂ। ਏਅਰਪੋਰਟਸ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀ ਨੇ ਦੱਸਿਆ, ‘‘ਸ੍ਰੀਨਗਰ ਹਵਾਈ ਅੱਡੇ ’ਤੇ ਅੱਜ ਸਵੇਰੇ ਦਿਖਾਈ ਦੇਣ ਦੀ ਸਮਰੱਥਾ ਸਿਰਫ਼ 50 ਮੀਟਰ ਤੱਕ ਸੀ, ਜਿਸ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ। ਸ੍ਰੀਨਗਰ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਨੂੰ ਸਵੇਰੇ 10 ਵਜੇ ਤੋਂ ਅੱਗੇ ਪਾ ਦਿੱਤਾ ਗਿਆ।’’ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 10 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼ਨਿੱਚਰਵਾਰ ਨੂੰ ਵੀ ਸੰਘਣੀ ਧੁੰਦ ਕਾਰਨ ਹਵਾਈ ਅੱਡੇ ’ਤੇ ਕੰਮ-ਕਾਜ ਪ੍ਰਭਾਵਿਤ ਹੋਏ, ਜਿਸ ਕਾਰਨ ਕਈ ਹਵਾਈ ਉਡਾਣਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਕਈਆਂ ਦੇ ਰੂਟ ਬਦਲੇ ਗਏ। -ਪੀਟੀਆਈ