ਦਿਸ਼ਾ ਪਟਾਨੀ ਦੇ ਘਰ ’ਤੇ ਗੋਲੀਬਾਰੀ: ਦੋ ਸ਼ੂਟਰ ਮੁਕਾਬਲੇ ’ਚ ਹਲਾਕ
Disha Patani Bareilly home firing: ਬੌਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ (Disha Patani) ਦੇ ਬਰੇਲੀ ਸਥਿਤ ਘਰ ਬਾਹਰ ਗੋਲੀਬਾਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਦੋ ਸਰਗਰਮ ਮੈਂਬਰ ਬੁੱਧਵਾਰ ਨੂੰ ਗਾਜ਼ੀਆਬਾਦ (ਉਤਰ ਪ੍ਰਦੇਸ਼) ਵਿੱਚ ਟ੍ਰੋਨਿਕਾ ਸਿਟੀ ਨੇੜੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ। ਹਾਲਾਂਕਿ, ਇਸ ਦੌਰਾਨ ਚਾਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਅਣਪਛਾਤੇ ਹਮਲਾਵਰਾਂ ਨੇ 12 ਸਤੰਬਰ ਨੂੰ ਸਵੇਰੇ 3:45 ਵਜੇ ਦੇ ਕਰੀਬ ਬਰੇਲੀ ਸਥਿਤ ਦਿਸ਼ਾ ਪਟਾਨੀ ਦੇ ਘਰ ਦੇ ਬਾਹਰ ਕਈ ਗੋਲੀਆਂ ਚਲਾਈਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ।
ਇਸ ਸਿਲਸਿਲੇ ਵਿੱਚ ਬਰੇਲੀ ਕੋਤਵਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਏਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਮਿਤਾਭ ਯਸ਼ ਨੇ ਕਿਹਾ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਖੁਫੀਆ ਜਾਣਕਾਰੀ ਇਕੱਠੀ ਕੀਤੀ ਅਤੇ ਗੁਆਂਢੀ ਰਾਜਾਂ ਦੇ ਰਿਕਾਰਡਾਂ ਦੀ ਤੁਲਨਾ ਕੀਤੀ, ਜਿਸ ਵਿੱਚ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਰੋਹਤਕ ਦੇ ਰਹਿਣ ਵਾਲੇ ਰਵਿੰਦਰ ਅਤੇ ਸੋਨੀਪਤ ਦੇ ਗੋਹਾਣਾ ਰੋਡ ਸਥਿਤ ਇੰਡੀਅਨ ਕਲੋਨੀ ਦੇ ਰਹਿਣ ਵਾਲੇ ਅਰੁਣ ਵਜੋਂ ਹੋਈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਐਸਟੀਐਫ ਦੀ ਨੋਇਡਾ ਯੂਨਿਟ ਅਤੇ ਦਿੱਲੀ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਗਾਜ਼ੀਆਬਾਦ ਦੇ ਟ੍ਰੋਨਿਕਾ ਸਿਟੀ ਵਿੱਚ ਰਵਿੰਦਰ ਅਤੇ ਅਰੁਣ ਨੂੰ ਰੋਕਿਆ। ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਦੋਵੇਂ ਮਾਰੇ ਗਏ।
ਅਦਾਕਾਰਾ ਦੇ ਪਿਤਾ ਜਗਦੀਸ਼ ਪਟਨੀ ਨੇ ਬਰੇਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਘਰ ਬਾਹਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਮੁਕਾਬਲੇ ਵਿੱਚ ਮਾਰੇ ਗਏ ਹਨ। ਹਰਿਆਣਾ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੋਵਾਂ ਅਪਰਾਧੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।