ਦਿੱਲੀ ਐੱਨਸੀਆਰ ਦੇ ਬਵਾਨਾ ਖੇਤਰ ’ਚ ਪੇਂਟ ਫੈਕਟਰੀ ਵਿਚ ਅੱਗ ਲੱਗੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜੂਨ
ਕੌਮੀ ਰਾਜਧਾਨੀ ਦੇ ਬਵਾਨਾ ਖੇਤਰ ਵਿੱਚ ਸ਼ੁੱਕਰਵਾਰ ਤੜਕੇ ਪੇਂਟ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ 25 ਫਾਇਰ ਟੈਂਡਰ ਹਾਦਸੇ ਵਾਲੀ ਥਾਂ ਭੇਜੇ ਗਏ। ਦਿੱਲੀ ਫਾਇਰ ਸਰਵਿਸ ਅਨੁਸਾਰ ਇਸ ਘਟਨਾ ਵਿਚ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਮੁਤਾਬਕ ਫਾਇਰ ਵਿਭਾਗ ਨੂੰ ਬਵਾਨਾ ਦੇ ਸੈਕਟਰ 2 ਵਿੱਚ ਇੱਕ ਪੇਂਟ ਕੰਪਨੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅਧਿਕਾਰੀ ਨੇ ਕਿਹਾ ਕਿ ਪਹਿਲਾਂ ਦੋ ਫਾਇਰ ਬ੍ਰਿਗੇਡਾਂ ਨੂੰ ਭੇਜਿਆ ਗਿਆ ਸੀ ਪਰ ਅੱਗ ਤੇਜ਼ੀ ਨਾਲ ਫੈਲਣ ਕਾਰਨ ਹਾਦਸੇ ਵਾਲੀ ਥਾਂ ’ਤੇ ਹੋਰ ਫਾਇਰ ਟੈਂਡਰ ਭੇਜੇ ਗਏ।
ਦਿੱਲੀ ਫਾਇਰ ਸਰਵਿਸ ਨੇ ਹਾਪੁੜ, ਬੁਲੰਦਸ਼ਹਿਰ, ਗਾਜ਼ੀਆਬਾਦ ਅਤੇ ਮੇਰਠ ਤੋਂ ਹੋਰ ਟੀਮਾਂ ਬੁਲਾਈਆਂ ਹਨ। ਘਟਨਾ ਵਾਲੀ ਥਾਂ ’ਤੇ ਕੁੱਲ 25 ਫਾਇਰ ਬ੍ਰਿਗੇਡ ਮੌਜੂਦ ਹਨ। ਅੱਗ ਹੋਰ ਫੈਕਟਰੀਆਂ ਵਿੱਚ ਨਹੀਂ ਫੈਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5:30 ਵਜੇ ਸੈਕਟਰ-2, ਡੀ-93 ਵਿੱਚ ਇੱਕ ਪੇਂਟ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੀਐਫਓ ਗਾਜ਼ੀਆਬਾਦ ਵੀ ਮੌਕੇ ’ਤੇ ਮੌਜੂਦ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।