ਈਵੀਐੱਮ ਗਿਣਤੀ ਦਾ ਆਖਰੀ ਗੇੜ ਡਾਕ ਵੋਟਾਂ ਦੀ ਗਿਣਤੀ ਮਗਰੋਂ ਹੋਵੇਗਾ: ਚੋਣ ਕਮਿਸ਼ਨ
ਚੋਣ ਸੰਸਥਾ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ‘ਹਾਲਾਂਕਿ, ਡਾਕ ਵੋਟਾਂ ਦੀ ਗਿਣਤੀ ਆਮ ਤੌਰ ’ਤੇ ਈਵੀਐੱਮ ਦੀ ਗਿਣਤੀ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ ਪਰ ਗਿਣਤੀ ਪ੍ਰਕਿਰਿਆ ਵਿੱਚ ਇਕਸਾਰਤਾ ਅਤੇ ਪੂਰੀ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ, ਕਮਿਸ਼ਨ ਨੇ ਇਹ ਫ਼ੈਸਲਾ ਲਿਆ ਹੈ।’
ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਜਿੱਥੇ ਵੱਡੀ ਗਿਣਤੀ ਵਿੱਚ ਡਾਕ ਵੋਟਾਂ ਹਨ, ਉੱਥੇ ਆਰਓ ਇਹ ਯਕੀਨੀ ਬਣਾਉਣ ਕਿ ਟੇਬਲ ਅਤੇ ਸਟਾਫ ਵੱਡੀ ਗਿਣਤੀ ਵਿੱਚ ਮੌਜੂਦ ਹੋਵੇ ਤਾਂ ਜੋ ਕੋਈ ਦੇਰੀ ਨਾ ਹੋਵੇ ਅਤੇ ਗਿਣਤੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।
ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੇ ਦੋ ਮੁੱਖ ਹਿੱਸੇ ਹਨ: ਡਾਕ ਬੈਲਟ/ਇਲੈੱਕਟ੍ਰਾਨਿਕਲੀ ਟਰਾਂਸਮਿਟਿਡ ਡਾਕ ਬੈਲਟ (ETPBs) ਦੀ ਗਿਣਤੀ ਅਤੇ EVM ਰਾਹੀਂ ਗਿਣਤੀ।
ਗਿਣਤੀ ਵਾਲੇ ਦਿਨ ਡਾਕ ਬੈਲਟ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੁੰਦੀ ਹੈ ਅਤੇ EVM ਦੀ ਗਿਣਤੀ ਸਵੇਰੇ 8:30 ਵਜੇ ਸ਼ੁਰੂ ਹੁੰਦੀ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਪਹਿਲਾਂ ਜਾਰੀ ਹਦਾਇਤਾਂ ਮੁਤਾਬਕ EVM ਦੀ ਗਿਣਤੀ ਸਿਧਾਂਤਕ ਤੌਰ
’ਤੇ ਡਾਕ ਬੈਲਟ ਦੀ ਗਿਣਤੀ ਦੇ ਪੜਾਅ ਦੀ ਪਰਵਾਹ ਕੀਤੇ ਬਿਨਾਂ ਜਾਰੀ ਰਹਿ ਸਕਦੀ ਹੈ ਅਤੇ ਡਾਕ ਬੈਲਟ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤਰ੍ਹਾਂ ਅਪਾਹਜ ਵਿਅਕਤੀਆਂ ਅਤੇ ਬਜ਼ੁਰਗ ਨਾਗਰਿਕਾਂ (85 ) ਲਈ ਘਰ ਵਿੱਚੋਂ ਵੋਟ ਪਾਉਣ ਲਈ ਕਮਿਸ਼ਨ ਦੁਆਰਾ ਹਾਲ ਹੀ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਮੱਦੇਨਜ਼ਰ ਡਾਕ ਬੈਲਟ ਦੀ ਗਿਣਤੀ ਵਿੱਚ ਕਾਫ਼ੀ ਹੱਦ ਤੱਕ ਵਾਧਾ ਹੋਇਆ ਹੈ।