ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲ ਗੱਡੀ 7 ਨਵੰਬਰ ਨੂੰ ਹੋੋਵੇਗੀ ਰਵਾਨਾ
ਭਾਰਤੀ ਰੇਲਵੇ ਵੱਲੋਂ ਫ਼ਿਰੋਜ਼ਪੁਰ-ਨਵੀਂ ਦਿੱਲੀ ਰੂਟ 'ਤੇ ਮਨਜ਼ੂਰ ਕੀਤੀ ਗਈ ਵੰਦੇ ਭਾਰਤ ਰੇਲ ਗੱਡੀ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਸਵੇਰੇ 7:55 ਵਜੇ ਪਹਿਲੀ ਵਿਸਲ ਮਾਰ ਕੇ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋਵੇਗੀ।
ਇਹ ਗੱਡੀ ਵਾਇਆ ਫ਼ਰੀਦਕੋਟ, ਬਠਿੰਡਾ, ਪਟਿਆਲਾ, ਅੰਬਾਲਾ, ਪਾਣੀਪਤ ਹੁੰਦੀ ਹੋਈ ਬਾਅਦ ਦੁਪਹਿਰ 2:30 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪੁੱਜੇਗੀ। ਉਸੇ ਦਿਨ ਸ਼ਾਮ 4 ਵਜੇ ਇਹ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ 10 ਵਜੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ਪਰਤੇਗੀ। ਹਫ਼ਤੇ ਦੇ 6 ਦਿਨ ਯਾਤਰੀ ਇਸ ਗੱਡੀ ਦਾ ਲਾਭ ਲੈ ਸਕਣਗੇ।
ਇਸ ਗੱਡੀ ਦੇ ਚਾਲੂ ਹੋਣ ਨਾਲ ਇਲਾਕੇ ਦੇ ਲੋਕਾਂ ਦੀ ਚਿਰੋਕੀ ਅਤੇ ਇੱਕ ਵੱਡੀ ਮੰਗ ਪੂਰੀ ਹੋ ਜਾਵੇਗੀ। ਇਲਾਕੇ ਦੇ ਰੇਲ ਯਾਤਰੂਆਂ ਨੂੰ ਵੱਡਾ ਫ਼ਾਇਦਾ ਹੋਵੇਗਾ।
ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਜੇ ਕਾਇਤ, ਭਾਜਪਾ ਆਗੂਆਂ ਕੁਲਵੰਤ ਰਾਏ ਕਟਾਰੀਆ, ਰਾਜੇਸ਼ ਗੁਪਤਾ ਅਤੇ ਰਵਿੰਦਰ ਗਰਗ ਆਦਿ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਉਪਰਾਲਾ ਸਿਰੇ ਚੜ੍ਹਿਆ ਹੈ।
ਇਸ ਤੋਂ ਪਹਿਲਾਂ ਵੀ ਰਾਣਾ ਸੋਢੀ ਦੇ ਯਤਨਾਂ ਸਦਕਾ ਫ਼ਿਰੋਜ਼ਪੁਰ ਤੋਂ ਕਈ ਨਵੀਂਆਂ ਰੇਲ ਗੱਡੀਆਂ ਚਾਲੂ ਹੋ ਚੁੱਕੀਆਂ ਹਨ। ਮੋਗਾ-ਨਵੀਂ ਦਿੱਲੀ ਇੰਟਰ ਸਿਟੀ ਵੀ ਜਲਦ ਹੀ ਫ਼ਿਰੋਜ਼ਪੁਰ ਤੋਂ ਚੱਲਣੀ ਸ਼ੁਰੂ ਹੋ ਜਾਵੇਗੀ। ਆਗੂਆਂ ਨੇ ਰੇਲ ਮੰਤਰਾਲੇ ਦਾ ਧੰਨਵਾਦ ਕੀਤਾ ਹੈ।
