ਸਾਥੀ ਮਹਿਲਾ ਨੇ ਅਧਿਆਪਕ ਨੂੰ ਬਦਨਾਮ ਕਰਨ ਏਆਈ ਨਾਲ ਬਣਾਈਆਂ ਇਤਰਾਜ਼ਯੋਗ ਤਸਵੀਰਾਂ
ਮਸਨੂਈ ਬੌਧਿਕਤਾ(AI) ਦੀ ਸ਼ੁਰੂਆਤ ਤੋਂ ਬਾਅਦ ਹਰ ਵਿਅਕਤੀ ਵੱਲੋਂ ਇਸ ਤਕਨੀਕ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ ਏਆਈ ਦੀ ਦੁਰਵਰਤੋਂ ਦੀਆਂ ਖ਼ਬਰਾਂ ਵੀ ਲਗਤਾਰ ਸਾਹਮਣੇ ਆ ਰਹੀਆਂ ਹਨ।
ਇਸੇ ਸਬੰਧਤ ਸਾਈਬਰ ਪੁਲੀਸ ਸਟੇਸ਼ਨ ਨੇ ਪੁਰਾਣੀ ਦਿੱਲੀ ਦੀ ਇੱਕ 22 ਸਾਲਾ ਔਰਤ ਨੂੰ ਜਾਅਲੀ ਇੰਸਟਾਗ੍ਰਾਮ ਅਕਾਊਂਟ ਬਣਾਉਣ ਅਤੇ ਇੱਕ ਸਾਥੀ ਅਧਿਆਪਕ ਦੀ ਸਾਖ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਉਸ ਦੀਆਂ ਰੂਪਾਂਤਰਿਤ(Morphed) ਅਤੇ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਇਸ ਬਾਰੇ ਦਿੱਲੀ ਦੇ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿੱਚ 25 ਸਾਲਾ ਅਧਿਆਪਕਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਨਾਮ 'ਤੇ ਜਾਅਲੀ ਇੰਸਟਾਗ੍ਰਾਮ ਅਕਾਊਂਟ ਬਣਾਏ ਗਏ ਹਨ। ਅਣਪਛਾਤੇ ਨੇ ਉਸ ਖਾਤੇ ’ਤੇ ਰੂਪਾਂਤਰਿਤ (Morphed) ਤਸਵੀਰਾਂ ਅਪਲੋਡ ਕੀਤੀਆਂ ਅਤੇ ਉਸ ਨੂੰ ਬਦਨਾਮ ਕਰਨ ਲਈ ਵਿਦਿਆਰਥੀਆਂ ਅਤੇ ਸਹਿਕਰਮੀਆਂ ਨੂੰ ਫਾਲੋ ਰਿਕੁਐਸਟ ਵੀ ਭੇਜੀਆਂ।
ਇਕ ਵਿਅਕਤੀ ਨਾਲ ਸਬੰਧ ਦਿਖਾਉਣ ਲਈ ਕੀਤੀ ਏਆਈ ਦੀ ਵਰਤੋਂ
ਕਥਿਤ ਤੌਰ ’ਤੇ ਵਿਅਕਤੀ ਨੇ ਸ਼ਿਕਾਇਤਕਰਤਾ ਦਾ ਇੱਕ ਆਦਮੀ ਨਾਲ ਸਬੰਧ ਦਿਖਾਉਣ ਵਾਲੀਆਂ ਤਸਵੀਰਾਂ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਦੀ ਵਰਤੋਂ ਕੀਤੀ। ਪੁਲੀਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਇਸ ਸ਼ਿਕਾਇਤ ਦੇ ਆਧਾਰ ’ਤੇ ਇੱਕ ਕੇਸ ਦਰਜ ਕੀਤਾ ਗਿਆ ਅਤੇ ਉੱਤਰੀ ਜ਼ਿਲ੍ਹੇ ਦੇ ਸਾਈਬਰ ਪੁਲਿਸ ਸਟੇਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ।
ਪੂਰੇ ਘਟਨਾਕ੍ਰਮ ਵਿਚ ਸਾਬਕਾ ਅਧਿਕਆਪਕਾ ਦੀ ਸ਼ਮੂਲੀਅਤ ਸਾਹਮਣੇ ਆਈ
ਪੁਲੀਸ ਨੇ ਇੰਸਟਾਗ੍ਰਾਮ ਤੋਂ ਪ੍ਰਾਪਤ ਤਕਨੀਕੀ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ ਇੱਕ ਮਹਿਲਾ ਨੂੰ ਇਸ ਘਟਨਾਕ੍ਰਮ ਵਿਚ ਸ਼ਾਮਲ ਪਾਇਆ। ਟੀਮ ਨੇ ਮੁਲਜ਼ਮ ਦੀ ਪਛਾਣ ਉਸੇ ਸਕੂਲ ਵਿੱਚ ਠੇਕੇ ’ਤੇ ਕੰਮ ਕਰ ਚੁੱਕੀ ਸਾਬਕਾ ਅਧਿਆਪਕਾ ਵਜੋਂ ਕੀਤੀ, ਜਿਸ ਨੇ 2022 ਵਿੱਚ ਆਪਣੀ ਨੌਕਰੀ ਛੱਡ ਦਿੱਤੀ ਸੀ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਸ਼ੁਰੂ ਵਿੱਚ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਖ਼ੁਦ ਜਾਅਲੀ ਸੋਸ਼ਲ ਮੀਡੀਆ ਅਕਾਊਂਟਸ ਦੀ ਸ਼ਿਕਾਰ ਹੈ। ਹਾਲਾਂਕਿ ਮਜ਼ਬੂਤ ਡਿਜੀਟਲ ਸਬੂਤਾਂ ਕਾਰਨ ਅਕਾਊਂਟ ਬਣਾਉਣ, ਫੋਟੋਆਂ ਨੂੰ ਐਡਿਟ ਕਰਨ ਅਤੇ ਘੜੀਆਂ ਹੋਈਆਂ ਵੀਡੀਓਜ਼ ਨੂੰ ਵੰਡਣ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਈ।
ਮੁਲਜ਼ਮ ਨੇ ਸ਼ਿਕਾਇਤਕਰਤਾ ਪ੍ਰਤੀ ਭਾਵਨਾਤਮਕ ਖਿੱਚ ਹੋਣ ਦੀ ਗੱਲ ਕਬੂਲੀ
ਮੁਲਜ਼ਮ ਨੇ ਆਪਣੀ ਸਾਬਕਾ ਸਲਾਹਕਾਰ, ਜੋ ਹੁਣ ਸਕੂਲ ਦੇ ਪ੍ਰਿੰਸੀਪਲ ਹਨ, ਨਾਲ ਇੱਕ ਡੂੰਘੀ ਭਾਵਨਾਤਮਕ ਖਿੱਚ ਹੋਣ ਬਾਰੇ ਗੱਲ ਕਬੂਲ ਕੀਤੀ। ਉਸ ਪ੍ਰਿੰਸੀਪਲ ਦਾ ਧਿਆਨ ਖਿੱਚਣ ਲਈ ਖੁਦ ਨੂੰ ਕੈਂਸਰ ਮਰੀਜ਼ ਵਜੋਂ ਦਰਸਾਉਣ ਵਾਲੀਆਂ ਜਾਅਲੀ ਵੀਡੀਓਜ਼, ਆਪਣੀ ਮੌਤ ਦਾ ਝੂਠਾ ਡਰਾਮਾ ਆਦਿ ਕੀਤਾ। ਪਰ ਅਸਫ਼ਲ ਰਹਿਣ ਕਾਰਨ ਉਸ ਨੇ ਸ਼ਿਕਾਇਤਕਰਤਾ ਪ੍ਰਤੀ ਦੁਸ਼ਮਣੀ ਵਾਲਾ ਰਵੱਈਆ ਅਪਣਾ ਲਿਆ, ਜਿਸ ਬਾਰੇ ਉਸਨੂੰ ਯਕੀਨ ਸੀ ਕਿ ਉਹ ਪ੍ਰਿੰਸੀਪਲ ਦੇ ਨੇੜੇ ਹੋ ਜਾਵੇਗੀ।
ਆਪਣੇ ਇਸ ਜਨੂੰਨ ਵਿੱਚ 22 ਸਾਲਾ ਮਹਿਲਾ ਨੇ ਨਾ ਸਿਰਫ਼ ਮੋਰਫਡ ਤਸਵੀਰਾਂ ਬਣਾਉਣ ਲਈ ਏ.ਆਈ. ਟੂਲਸ ਦੀ ਵਰਤੋਂ ਕੀਤੀ, ਬਲਕਿ ਕਥਿਤ ਤੌਰ 'ਤੇ ਤਾਂਤਰਿਕ ਰੀਤੀ ਰਿਵਾਜਾਂ ਦਾ ਵੀ ਸਹਾਰਾ ਲਿਆ। ਅਧਿਕਾਰੀਆਂ ਨੇ ਉਸ ਦੇ ਕਬਜ਼ੇ ਵਿੱਚੋਂ ਤਿੰਨ ਹੱਥ-ਲਿਖਤ ਪਰਚੀਆਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚ ਅਜੀਬ ਚਿੰਨ੍ਹ, ਸੰਖਿਆਵਾਂ ਅਤੇ ਖੁਦ ਦਾ ਅਤੇ ਪ੍ਰਿੰਸੀਪਲ ਦਾ ਨਾਮ ਲਿਖਿਆ ਹੋਇਆ ਸੀ।