FASTag-based annual pass: ਸਰਕਾਰ FASTag ਆਧਾਰਤ ਸਾਲਾਨਾ ਪਾਸ ਲਿਆਵੇਗੀ, ਇਹ ਹੋਵੇਗੀ ਕੀਮਤ
ਆਗਾਮੀ 15 ਅਗਸਤ ਤੋਂ ਨਿੱਜੀ ਵਾਹਨਾਂ ਲਈ ਸ਼ੁਰੂ ਹੋਵੇਗੀ ਸਕੀਮ: ਗਡਕਰੀ; ਖ਼ਾਸਕਰ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਾਰਾਂ, ਜੀਪਾਂ ਤੇ ਵੈਨਾਂ ਆਦਿ ਲਈ ਲਿਆਂਦੀ ਗਈ ਹੈ ਸਕੀਮ
ਨਵੀਂ ਦਿੱਲੀ, 18 ਜੂਨ
ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਆਮ ਲੋਕਾਂ ਨੂੰ ਪ੍ਰੇਸ਼ਾਨੀ ਰਹਿਤ ਹਾਈਵੇ ਸਫ਼ਰ ਦੀ ਸਹੂਲਤ ਮੁਹੱਈਆ ਕਰਾਉਣ ਵੱਲ ਇੱਕ ਕਦਮ ਵਜੋਂ ਆਗਾਮੀ ਆਜ਼ਾਦੀ ਦਿਹਾੜੇ 15 ਅਗਸਤ ਤੋਂ ਨਿੱਜੀ ਵਾਹਨਾਂ ਲਈ 3,000 ਰੁਪਏ ਦੀ ਕੀਮਤ ਵਾਲਾ FASTag-ਅਧਾਰਤ ਸਾਲਾਨਾ ਪਾਸ ਦੀ ਸਕੀਮ ਜਾਰੀ ਕਰੇਗੀ।
ਉਨ੍ਹਾਂ ਇਹ ਜਾਣਕਾਰੀ ਐਕਸ X 'ਤੇ ਪਾਈ ਇੱਕ ਪੋਸਟ ਵਿੱਚ ਦਿੱਤੀ। ਇਸ ਪੋਸਟ ਵਿਚ ਗਡਕਰੀ ਨੇ ਕਿਹਾ ਕਿ ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ ਤੱਕ, ਜੋ ਵੀ ਪਹਿਲਾਂ ਆਵੇ, ਲਈ ਵਾਜਬ ਹੋਵੇਗਾ। ਇਹ ਪਾਸ ਵਿਸ਼ੇਸ਼ ਤੌਰ 'ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ।
ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨੇ ਕਿਹਾ ਕਿ ਸਾਲਾਨਾ ਪਾਸ ਦੇਸ਼ ਭਰ ਵਿੱਚ ਕੌਮੀ ਸ਼ਾਹਰਾਹਾਂ 'ਤੇ ਨਿਰਵਿਘਨ ਅਤੇ ਲਾਗਤ-ਪ੍ਰਭਾਵਸ਼ਾਲੀ ਯਾਤਰਾ ਨੂੰ ਸਮਰੱਥ ਬਣਾਏਗਾ।
ਉਨ੍ਹਾਂ ਕਿਹਾ ਕਿ ਐਕਟੀਵੇਸ਼ਨ ਅਤੇ ਨਵੀਨੀਕਰਨ ਲਈ ਇੱਕ ਸਮਰਪਿਤ ਲਿੰਕ ਜਲਦੀ ਹੀ ਰਾਜਮਾਰਗ ਯਾਤਰਾ ਐਪ ਦੇ ਨਾਲ-ਨਾਲ NHAI ਅਤੇ MoRTH ਦੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਉਪਲਬਧ ਹੋਵੇਗਾ। ਗਡਕਰੀ ਨੇ ਕਿਹਾ ਕਿ ਇਹ ਨੀਤੀ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਸਥਿਤ ਟੋਲ ਪਲਾਜ਼ਿਆਂ ਸਬੰਧੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ ਅਤੇ ਇੱਕ ਸਿੰਗਲ, ਕਿਫ਼ਾਇਤੀ ਲੈਣ-ਦੇਣ ਰਾਹੀਂ ਟੋਲ ਭੁਗਤਾਨ ਨੂੰ ਸਰਲ ਬਣਾਉਂਦੀ ਹੈ।
ਉਨ੍ਹਾਂ ਕਿਹਾ, "ਟੋਲ ਪਲਾਜ਼ਿਆਂ 'ਤੇ ਉਡੀਕ ਸਮੇਂ ਨੂੰ ਘਟਾ ਕੇ, ਭੀੜ-ਭੜੱਕੇ ਨੂੰ ਘੱਟ ਕਰਕੇ ਅਤੇ ਵਿਵਾਦਾਂ ਨੂੰ ਘੱਟ ਕਰਕੇ, ਸਾਲਾਨਾ ਪਾਸ ਦਾ ਉਦੇਸ਼ ਲੱਖਾਂ ਨਿੱਜੀ ਵਾਹਨ ਮਾਲਕਾਂ ਲਈ ਇੱਕ ਤੇਜ਼ ਅਤੇ ਸੁਚਾਰੂ ਸਫ਼ਰ ਦਾ ਤਜਰਬਾ ਪੇਸ਼ ਕਰਨਾ ਹੈ।" -ਪੀਟੀਆਈ