Farmers Protest: ਦਿੱਲੀ ਚੱਲੋ ਮਾਰਚ: ਕਿਸਾਨਾਂ ਤੇ ਹਰਿਆਣਾ ਦੇ ਅਧਿਕਾਰੀਆਂ ਦਰਮਿਆਨ ਮੀਟਿੰਗ
ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਦਸੰਬਰ
ਇੱਥੇ ਨੇੜਲੇ ਰਾਜਪੁਰਾ ਵਿੱਚ ਅੱਜ ਦੇਰ ਸ਼ਾਮੀਂ ਕਿਸਾਨ ਆਗੂਆਂ ਅਤੇ ਹਰਿਆਣਾ ਦੇ ਅਧਿਕਾਰੀਆਂ ਦਰਮਿਆਨ ਅਹਿਮ ਮੀਟਿੰਗ ਹੋਈ ਜਿਸ ਦੌਰਾਨ ਵੱਖ ਵੱਖ ਪਹਿਲੂਆਂ ’ਤੇ ਹੋਈ ਚਰਚਾ ਮਗਰੋਂ ਅਧਿਕਾਰੀਆਂ ਨੇ 9 ਦਸੰਬਰ ਦੀ ਪ੍ਰਧਾਨ ਮੰਤਰੀ ਦੀ ਹਰਿਆਣਾ ਫੇਰੀ ਦੇ ਚੱਲਦਿਆਂ ਕਿਸਾਨਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ ਮੁੜ ਵਿਸਥਾਰ ’ਚ ਗੱਲਬਾਤ ਕਰਕੇ ਮਾਮਲੇ ਨੂੰ ਤਣ ਪੱਤਣ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਇਹ ਮੀਟਿੰਗ ਰਾਜਪੁਰਾ ਦੇ ਈਗਲ ਮੋਟਲ ’ਤੇ ਹੋਈ ਜਿਸ ਮਗਰੋਂ ਸ਼ੰਭੂ ਬਾਰਡਰ ’ਤੇ ਪਰਤੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ’ਚ ਹਰਿਆਣਾ ਤੋਂ ਅੰਬਾਲਾ ਦੇ ਡਿਪਟੀ ਕਮਿਸਨਰ ਪਾਰਥ ਗੁਪਤਾ ਅਤੇ ਅੰਬਾਲਾ ਦੇ ਹੀ ਐਸਪੀ ਸੁਰਿੰਦਰ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ, ਐਸਐਸਪੀ ਡਾ.ਨਾਨਕ ਸਿੰਘ ਅਤੇ ਏਡੀਸੀ ਅਨੂਪ੍ਰਿਯਾ ਕੌਰ ਜੌਹਲ ਨੇ ਵੀ ਸ਼ਿਰਕਤ ਕੀਤੀ। ਕਿਸਾਨਾ ਵਿਚੋਂ ਸਰਵਣ ਸਿੰਘ ਪੰਧੇਰ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਗੁਰੂਅਮਨੀਤ ਮਾਂਗਟ, ਗੁਰਵਿੰਦਰ ਭੰਗੂ, ਤੇਜਵੀਰ ਪੰਜੋਖਰਾ, ਜਸਵੀਰ ਸਿੱਧੂ, ਸਵਿੰਦਰ ਚੁਤਾਲਾ ਅਤੇ ਸੁਖਵਿੰਦਰ ਕੌਰ ਰਾਮਪੁਰਾ ਫੂਲ ਆਦਿ ਆਗੂ ਸ਼ਾਮਲ ਸਨ। ਇਸ ਤੋਂ ਬਾਅਦ ਕਿਸਾਨਾਂ ਅਤੇ ਕੇਂਦਰ ਦਰਮਿਆਨ ਗੱਲਬਾਤ ਸ਼ੁਰੁ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਧੇਰ ਦਾ ਕਹਿਣਾ ਸੀ ਕਿ ਉਹ ਆਪਣੀ ਰਣਨੀਤੀ ਦਾ ਐਲਾਨ ਭਲਕ ਸ਼ਾਮ ਤੱਕ ਹਰਿਆਣਾ ਦੇ ਇਨ੍ਹਾਂ ਅਧਿਕਾਰੀਆਂ ਦਾ ਸੁਨੇਹਾ ਉਡੀਕਣ ਤੋਂ ਬਾਅਦ ਹੀ ਕਰਨਗੇ।