ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿੱਚ ਨਕਲੀ ਮੀਂਹ ਦੀ ਪਰਖ ਤੋਂ ਸਿਆਸਤ ਭਖੀ

‘ਆਪ’ ਤੇ ਕਾਂਗਰਸ ਨੇ ਭਾਜਪਾ ’ਤੇ ਪੈਸਾ ਬਰਬਾਦ ਕਰਨ ਦੇ ਦੋਸ਼ ਲਾਏ; ਸਰਨਾ ਵੱਲੋਂ ਸਿਰਸਾ ਦੀ ਨਿਖੇਧੀ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੌਰਭ ਭਾਰਦਵਾਜ। -ਫੋਟੋ: ਏ ਐੱਨ ਆਈ
Advertisement

ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਨਕਲੀ ਮੀਂਹ (ਕਲਾਊਡ ਸੀਡਿੰਗ) ਦੀ ਪਰਖ ਨਾਲ ਸਿਆਸਤ ਭਖ ਗਈ ਹੈ। ‘ਆਪ’ ਨੇ ਦਿੱਲੀ ਸਰਕਾਰ ਦੇ ਕਲਾਊਡ ਸੀਡਿੰਗ ਪਰੀਖਣ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦਾਅਵਿਆਂ ਦੇ ਬਾਵਜੂਦ ਮੀਂਹ ਨਹੀਂ ਪਿਆ। ਆਮ ਆਦਮੀ ਪਾਰਟੀ ਦੇ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਭਾਜਪਾ ਦਿੱਲੀ ਵਾਸੀਆਂ ਦਾ ਪੈਸਾ ਬਰਬਾਦ ਕਰ ਰਹੀ ਹੈ।

ਇਸ ਦੌਰਾਨ ਭਾਰਤਵਾਜ ਨੇ ਲੋਕਾਂ ਦੇ 3.50 ਕਰੋੜ ਰੁਪਏ ਕਥਿਤ ਬਰਬਾਦ ਕਰਨ ਦੇ ਸਬੂਤ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਕਲੀ ਮੀਂਹ ਦੇ ਨਾਮ ’ਤੇ ਨਾ ਸਿਰਫ਼ ਟੈਕਸ ਦਾ ਪੈਸਾ ਬਰਬਾਦ ਕੀਤਾ ਬਲਕਿ ਦਿੱਲੀ ਵਾਸੀਆਂ ਨਾਲ ਵੀ ਧੋਖਾ ਕੀਤਾ। ਨੌਂ ਮਹੀਨੇ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਈ ਐੱਮ ਡੀ ਤੇ ਕੇਂਦਰੀ ਪ੍ਰਦੂਸ਼ਣ ਬੋਰਡ ਤੋਂ ਵਿਗਿਆਨਕ ਸਲਾਹ ਲੈਣ ਤੋਂ ਬਾਅਦ ਸੰਸਦ ਵਿੱਚ ਕਿਹਾ ਸੀ ਕਿ ਦਿੱਲੀ ਵਿੱਚ ਨਕਲੀ ਮੀਂਹ ਨਹੀਂ ਪੈ ਸਕਦਾ। ਵਿਗਿਆਨੀ ਕਹਿ ਰਹੇ ਹਨ ਕਿ ਠੰਢ ਦੌਰਾਨ ਦਿੱਲੀ ਵਿੱਚ ਨਕਲੀ ਮੀਂਹ ਸੰਭਵ ਨਹੀਂ ਹੈ। ਇਸ ਦੇ ਉਲਟ ਇਸ ਯੋਜਨਾ ਵਿੱਚ ਵਰਤੇ ਗਏ ਰਸਾਇਣ ਦਿੱਲੀ ਵਾਸੀਆਂ ਵਿੱਚ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਪਾਰਟੀ ਦੇ ਮੁੱਖ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੀਵਾਲੀ ਤੋਂ ਅਗਲੇ ਦਿਨ ਕਲਾਊਡ ਸੀਡਿੰਗ ਕਰਨ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਕਰਨ ਵਿੱਚ ਅਸਫਲ ਰਹੀ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਉਹ ਇਸ ਨੂੰ 29 ਅਕਤੂਬਰ ਨੂੰ ਕਰਵਾਉਣਗੇ। ਹਾਲਾਂਕਿ, ਜਦੋਂ ਉਨ੍ਹਾਂ ਨੇ ਛੱਠ ’ਤੇ ਅਸਮਾਨ ਵਿੱਚ ਬੱਦਲ ਦੇਖੇ ਤਾਂ ਸਰਕਾਰ ਨੇ ਦਿੱਲੀ ਵਾਸੀਆਂ ਦੇ ਪੈਸੇ ਨੂੰ ਬਰਬਾਦ ਕਰਨ ਦਾ ਫੈਸਲਾ ਕੀਤਾ ਅਤੇ ਇੱਕ ਦਿਨ ਪਹਿਲਾਂ 28 ਅਕਤੂਬਰ ਨੂੰ ਕਲਾਊਡ ਸੀਡਿੰਗ ਕੀਤੀ ਪਰ ਮੀਂਹ ਫੇਰ ਨਹੀਂ ਪਿਆ।

Advertisement

ਦੂਜੇ ਪਾਸੇ ਦਿੱਲੀ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕੜਾ ਨੇ ਸੰਸਦ ਮਾਰਗ ਪੁਲੀਸ ਸਟੇਸ਼ਨ ਵਿੱਚ ਦਿੱਲੀ ਸਰਕਾਰ ਵਿਰੁੱਧ ‘ਮੀਂਹ ਚੋਰੀ’ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਅਕਸ਼ੈ ਲਾਕੜਾ ਨੇ ਕਿਹਾ ਕਿ ਦਿੱਲੀ ਵਿੱਚ 1.25 ਕਰੋੜ ਰੁਪਏ ਦੀ ਮੀਂਹ ਚੋਰੀ ਹੋਇਆ ਹੈ। ਕਲਾਊਡ ਸੀਡਿੰਗ ਦੇ ਨਾਮ ’ਤੇ ਜਹਾਜ਼ ਕਾਨਪੁਰ ਤੋਂ ਦਿੱਲੀ ਲਈ ਉਡਾਣ ਭਰਦੇ ਹਨ ਅਤੇ ਫਿਰ ਭਾਜਪਾ ਸਰਕਾਰ 15 ਤੋਂ 20 ਮਿੰਟਾਂ ਦੇ ਅੰਦਰ ਦਿੱਲੀ ਵਿੱਚ ਮੀਂਹ ਪੈਣ ਦਾ ਵਾਅਦਾ ਕਰਦੇ ਹੋਏ ਵੱਡੇ-ਵੱਡੇ ਇਸ਼ਤਿਹਾਰ ਦਿੰਦੀ ਹੈ ਜਿਸ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੇ ਦਾਅਵੇ ਕਰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਿਤੇ ਵੀ ਅਜਿਹਾ ਮੀਂਹ ਨਹੀਂ ਦੇਖਿਆ ਗਿਆ ਇਸ ਲਈ ਇਸ ਮੀਂਹ ਚੋਰੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਮੁੱਦੇ ਨੂੰ ਲੈ ਕੇ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਨਿਖੇਧੀ ਕੀਤੀ ਹੈ।

ਨਕਲੀ ਮੀਂਹ ਦੀ ਪਰਖ ਸਫਲ ਰਹੀ: ਸਿਰਸਾ

ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕੌਮੀ ਰਾਜਧਾਨੀ ਵਿੱਚ ਨਕਲੀ ਮੀਂਹ (ਕਲਾਊਡ ਸੀਡਿੰਗ) ਦੀ ਪਰਖ ਨੂੰ ਸਫ਼ਲ ਆਖਦਿਆਂ ‘ਆਪ’ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਭਾਜਪਾ ਸਰਕਾਰ ਤੋਂ ਈਰਖਾ ਕਰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਕੱਲ੍ਹ ਦੋ ਟਰਾਇਲ ਕੀਤੇ ਸਨ। ਟਰਾਇਲਾਂ ਤੋਂ ਬਾਅਦ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਹਲਕਾ ਮੀਂਹ ਪਿਆ। ਇਸ ਤੋਂ ਇਲਾਵਾ ਬੁਰਾੜੀ, ਉੱਤਰੀ ਕਰੋਲ ਬਾਗ, ਮਯੂਰ ਵਿਹਾਰ ਆਦਿ ਖੇਤਰਾਂ ਵਿੱਚ ਕਣੀਆਂ ਪਈਆਂ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਇਸ ਵਿੱਚ ਨਾਕਾਮ ਰਹੀ ਸੀ। -ਪੀ ਟੀ ਆਈ

ਦੂਜਾ ਕਲਾਊਡ ਸੀਡਿੰਗ ਟਰਾਇਲ ਰੱਦ

ਨਵੀਂ ਦਿੱਲੀ: ਦਿੱਲੀ ਵਿੱਚ ਨਕਲੀ ਮੀਂਹ ਦਾ (ਕਲਾਊਡ ਸੀਡਿੰਗ) ਦੂਜਾ ਟਰਾਇਲ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਪਹਿਲੀ ਪਰਖ ਨਾਲ ਮੀਂਹ ਨਹੀਂ ਪਿਆ। ਆਈ ਆਈ ਟੀ ਕਾਨਪੁਰ ਦੇ ਡਾਇਰੈਕਟਰ ਮਨਿੰਦਰਾ ਅਗਰਵਾਲ ਨੇ ਕਿਹਾ ਕਿ ਜਦੋਂ ਮੰਗਲਵਾਰ ਨੂੰ ਸੀਡਿੰਗ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਬੱਦਲਾਂ ਵਿੱਚ ਨਮੀ ਦੀ ਮਾਤਰਾ ਸਿਰਫ਼ 15-20 ਫੀਸਦ ਸੀ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਵਰਤੇ ਗਏ ਮਿਸ਼ਰਣ ਵਿੱਚ ਸਿਰਫ 20 ਫੀਸਦ ਸਿਲਵਰ ਆਇਓਡਾਈਡ ਹੈ ਅਤੇ ਬਾਕੀ ਚੱਟਾਨੀ ਨਮਕ ਅਤੇ ਆਮ ਨਮਕ ਦਾ ਸੁਮੇਲ ਸੀ। ਡਾਇਰੈਕਟਰ ਨੇ ਕਿਹਾ ਕਿ ਹੁਣ ਤੱਕ ਕੋਈ ਮੀਂਹ ਨਹੀਂ ਪਿਆ ਹੈ। ਇਸ ਲਈ ਇਸ ਦਾ ਅਰਥ ਹੈ ਕਿ ਇਹ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਨਮੀ ਦੀ ਮਾਤਰਾ ਘੱਟ ਹੋਣ ਕਾਰਨ ਮੀਂਹ ਨਹੀਂ ਪਿਆ। ਜਾਣਕਾਰੀ ਅਨੁਸਾਰ ਹਰੇਕ ਟਰਾਇਲ ’ਤੇ ਲਗਭਗ 64 ਲੱਖ ਰੁਪਏ ਖਰਚਾ ਆਇਆ ਹੈ। ਇਸ ਪ੍ਰਾਜੈਕਟ ’ਤੇ ਕੁੱਲ 3.25 ਕਰੋੜ ਖਰਚੇ ਜਾਣੇ ਹਨ। ਕੱਲ੍ਹ ਕੀਤੇ ਦੋ ਟਰਾਇਲਾਂ ’ਤੇ 1.2 ਕਰੋੜ ਖਰਚੇ ਗਏ ਹਨ।

Advertisement
Show comments