ਇੱਥੇ ਕਾਰ ਦੀ ਟੱਕਰ ਵੱਜਣ ਕਾਰਨ ਇੱਕ ਫੈਕਟਰੀ ਵਰਕਰ ਦੀ ਮੌਤ ਹੋ ਗਈ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਫੈਕਟਰੀ ਵਰਕਰ ਦੀ ਮੌਤ ਹੋ ਗਈ। ਕਾਰ ਉਸ ਨੂੰ 600 ਮੀਟਰ ਤੋਂ ਵੱਧ ਘਸੀਟ ਕੇ ਲੈ ਗਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਰ ਨੂੰ ਇੱਕ ਨਾਬਾਲਗ ਚਲਾ ਰਿਹਾ ਸੀ। ਉਸ ਨੂੰ ਛੇ ਘੰਟਿਆਂ ਤੋਂ ਵੱਧ ਪਿੱਛਾ ਕਰਨ ਮਗਰੋਂ ਰੋਹਿਣੀ ਖੇਤਰ ਤੋਂ ਕਾਬੂ ਕਰ ਲਿਆ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਸੁਜੀਤ ਮੰਡਲ (32) ਰਾਜਾ ਵਿਹਾਰ ਖੇਤਰ ਦੇ ਵਾਸੀ ਵਜੋਂ ਹੋਈ। ਉਹ ਜੋਫੇਜ਼-1, ਬਾਦਲੀ ਉਦਯੋਗਿਕ ਖੇਤਰ ਵਿੱਚ ਪੀਵੀਸੀ ਪਾਈਪ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਸ਼ਾਮ 7.10 ਵਜੇ ਦੇ ਕਰੀਬ ਵਾਪਰੀ ਜਦੋਂ 16 ਸਾਲਾ ਲੜਕਾ ਕਥਿਤ ਤੌਰ ‘ਤੇ ਇੱਕ ਮਕੈਨਿਕ ਦੀ ਦੁਕਾਨ ਤੋਂ ਵਾਪਸ ਆ ਰਿਹਾ ਸੀ ਅਤੇ ਮੰਡਲ ਦੇ ਕੰਮ ਵਾਲੀ ਥਾਂ ਦੇ ਨੇੜੇ ਇੱਕ ਮੋੜ ਲਿਆ।
ਨਾਬਾਲਗ ਨੇ ਬਾਅਦ ਵਿੱਚ ਪੁਲੀਸ ਨੂੰ ਦੱਸਿਆ ਕਿ ਇੱਕ ਸਾਈਕਲ ਸਵਾਰ ਨੇ ਉਸ ਨੂੰ ਦੱਸਿਆ ਕਿ ਇੱਕ ਵਿਅਕਤੀ ਉਸ ਦੀ ਕਾਰ ਹੇਠ ਫਸ ਗਿਆ ਹੈ ਪਰ ਲੋਕਾਂ ਵੱਲੋਂ ਕੁੱਟਮਾਰ ਦੇ ਡਰੋਂ ਮ੍ਰਿਤਕ ਨੂੰ ਘਸੀਟ ਕੇ ਲੈ ਗਿਆ। ਇੱਕ ਰਾਹਗੀਰ ਨੇ ਲਾਸ਼ ਦੇਖਣ ਤੋਂ ਬਾਅਦ ਪੁਲੀਸ ਨੂੰ ਬੁਲਾਇਆ। ਸੀਸੀਟੀਵੀ ਕੈਮਰੇ ਤੋਂ ਪਤਾ ਲੱਗਿਆ ਕਿ ਮੰਡਲ ਨੂੰ ਇੱਕ ਲਾਲ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਉਹ ਉਸ ਦੇ ਹੇਠਾਂ ਫਸ ਗਿਆ। ਕਾਰ ਉਸ ਨੂੰ ਅੱਧਾ ਕਿਲੋਮੀਟਰ ਘਸੀਟਣ ਤੋਂ ਬਾਅਦ ਡਰਾਈਵਰ ਭੱਜ ਗਿਆ। ਮਗਰੋਂ ਪੁਲੀਸ ਨੇ ਮੁਲਜ਼ਮ ਨੂੰ ਛੇ ਘੰਟਿਆਂ ਮਗਰੋਂ ਕਾਬੂ ਕੀਤਾ।