ਕੰਪ੍ਰੈਸਰ ਫਟਣ ਕਾਰਨ ਫੈਕਟਰੀ ਮਾਲਕ ਦੇ ਪੁੱਤ ਦੀ ਮੌਤ
ਇੱਥੋਂ ਦੇ ਬਵਾਨਾ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਪਾਊਡਰ ਕੋਟਿੰਗ ਫੈਕਟਰੀ ਵਿੱਚ ਕੰਪ੍ਰੈਸਰ ਫਟਣ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ ਫੈਕਟਰੀ ਮਾਲਕ ਦੇ ਪੁੱਤਰ ਨਾਜ਼ਿਮ ਦੀ ਮੌਤ ਹੋ ਗਈ। ਹਾਦਸੇ ਵਿੱਚ ਅਖਿਲੇਸ਼ ਨਾਮਕ ਇੱਕ ਕਰਮਚਾਰੀ ਜ਼ਖਮੀ ਹੋ ਗਿਆ। ਅਖਿਲੇਸ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਇੱਕ ਘੰਟੇ ਅੰਦਰ ਅੱਗ ’ਤੇ ਕਾਬੂ ਪਾਇਆ। ਪੁਲੀਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰੇਸ਼ਵਰ ਵੀ ਸਵਾਮੀ ਨੇ ਕਿਹਾ ਕਿ ਦੇਰ ਸ਼ਾਮ ਬਵਾਨਾ ਉਦਯੋਗਿਕ ਖੇਤਰ ਦੇ ਬੀ ਬਲਾਕ ਵਿੱਚ ਇੱਕ ਫੈਕਟਰੀ ਵਿੱਚ ਧਮਾਕੇ ਦੀ ਸੂਚਨਾ ਮਿਲੀ। ਬਵਾਨਾ ਥਾਣੇ ਦੀ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ ’ਤੇ ਪੁਹੰਚੀਆਂ। ਬੇਸਮੈਂਟ ਸਮੇਤ ਤਿੰਨ ਮੰਜ਼ਿਲਾ ਇਮਾਰਤ ਵਿੱਚ ਲੱਗੀ ਅੱਗ ਬੁਝਾਉਣ ਦੇ ਨਾਲ-ਨਾਲ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਫੈਕਟਰੀ ਵਿੱਚ ਜ਼ਖਮੀ ਨਾਜ਼ਿਮ ਅਤੇ ਅਖਿਲੇਸ਼ ਨੂੰ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਲੈ ਗਏ। ਜਿੱਥੇ ਨਾਜ਼ਿਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਜ਼ਖਮੀ ਅਖਿਲੇਸ਼ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਪੱਛਮੀ ਵਿਹਾਰ ਦਾ ਰਹਿਣ ਵਾਲਾ ਨਿਜ਼ਾਮੂਦੀਨ ਫੈਕਟਰੀ ਦਾ ਮਾਲਕ ਹੈ। ਉਹ ਕਿਰਾਏ ’ਤੇ ਪਾਊਡਰ ਕੋਟਿੰਗ ਫੈਕਟਰੀ ਚਲਾ ਰਿਹਾ ਸੀ। ਨਾਜ਼ਿਮ ਉਸ ਦਾ ਪੁੱਤਰ ਸੀ। ਸ਼ਾਮ ਨੂੰ ਕੰਮ ਕਰਦੇ ਸਮੇਂ ਅਚਾਨਕ ਧਮਾਕਾ ਹੋਇਆ ਅਤੇ ਫੈਕਟਰੀ ਵਿੱਚ ਅੱਗ ਲੱਗ ਗਈ। ਪੁਲੀਸ ਨੇ ਲਾਪਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।