ਦਿੱਲੀ ਯੂਨੀਵਰਸਿਟੀ ’ਚ ਹਰਜੀਤ ਅਟਵਾਲ ਨਾਲ ਰੂ-ਬਰੂ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਇੰਗਲੈਂਡ ਵਸਦੇ ਪ੍ਰਸਿੱਧ ਪੰਜਾਬੀ ਲੇਖਕ ਹਰਜੀਤ ਅਟਵਾਲ ਨਾਲ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕੋਆਰਡੀਨੇਟਰ ਡਾ. ਨਛੱਤਰ ਸਿੰਘ ਨੇ ਡਾ. ਹਰਜੀਤ ਅਟਵਾਲ ਦੀ ਸਾਹਿਤਕ ਸਿਰਜਣਾ ਬਾਰੇ ਜਾਣਕਾਰੀ ਦਿੱਤੀ। ਵਿਭਾਗ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਹਰਜੀਤ ਅਟਵਾਲ ਇੰਗਲੈਂਡ ਦੇ ਮੋਹਰੀ ਲੇਖਕਾਂ ਵਿੱਚੋਂ ਇੱਕ ਹਨ। ਭਾਵੇਂ ਉਨ੍ਹਾਂ ਨੇ ਆਪਣਾ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ, ਪਰ ਅੱਜ ਉਨ੍ਹਾਂ ਦੀ ਮੁੱਖ ਪਛਾਣ ਇੱਕ ਨਾਵਲਕਾਰ ਵਜੋਂ ਹੈ। ਇਸ ਮੌਕੇ ਅਟਵਾਲ ਨੂੰ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਹਰਜੀਤ ਅਟਵਾਲ ਨੇ ਆਪਣੇ ਪਿੰਡ ਤੋਂ ਵਿਦੇਸ਼ ਤੱਕ ਦੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜ੍ਹਾਈ ਫਗਵਾੜਾ ਨੇੜਲੇ ਪਿੰਡ ਫਰਾਲਾ ਤੋਂ ਕੀਤੀ। ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਉਹ ਇੰਗਲੈਂਡ ਗਏ ਤਾਂ ਉੱਥੋਂ ਦੇ ਜੀਵਨ ਬਾਰੇ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਨਾਵਲ ‘ਵਨ ਵੇਅ’ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਇੰਗਲੈਂਡ ਦੀ ਜ਼ਿੰਦਗੀ ਅਤੇ ਇਤਿਹਾਸਕ ਵਿਸ਼ਿਆਂ ’ਤੇ ਨਾਵਲ ਲਿਖੇ।
ਅਟਵਾਲ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ ਦਾ ਆਧਾਰ ਉਨ੍ਹਾਂ ਦਾ ਆਪਣਾ ਤਜਰਬਾ ਹੈ। ਉਨ੍ਹਾਂ ਦੇ ਨਾਵਲ ਅਤੇ ਪਾਤਰ ਅਸਲ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਚੰਗੇ ਪਾਠਕ ਹਨ ਅਤੇ ਹੋਰ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਦੇ ਰਹਿੰਦੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਪ੍ਰੋਫ਼ੈਸਰਾਂ ਵੱਲੋਂ ਪੁੱਛੇ ਸਵਾਲਾਂ ਦੇ ਬੜੀ ਸੰਜੀਦਗੀ ਨਾਲ ਜਵਾਬ ਦਿੱਤੇ। ਅੰਤ ਵਿੱਚ ਪ੍ਰੋ. ਰਵੀ ਰਵਿੰਦਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਤੋਂ ਮਿਹਨਤ ਦਾ ਗੁਣ ਸਿੱਖਣਾ ਚਾਹੀਦਾ ਹੈ, ਕਿਉਂਕਿ ਮਿਹਨਤ ਹੀ ਹਰ ਸੰਕਟ ਦਾ ਹੱਲ ਹੈ। ਸਮਾਗਮ ਵਿੱਚ ਸਾਬਕਾ ਵਿਭਾਗ ਮੁਖੀ ਪ੍ਰੋ. ਰਵੇਲ ਸਿੰਘ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਰਵਿੰਦਰ ਕੁਮਾਰ, ਡਾ. ਰਜਨੀ ਬਾਲਾ, ਡਾ. ਸੋਹਨ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਰੰਜੂ ਬਾਲਾ ਸਮੇਤ ਵੱਖ-ਵੱਖ ਕਾਲਜਾਂ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
