ਪ੍ਰਧਾਨ ਮੰਤਰੀ, ਵਿੱਤ ਮੰਤਰੀ ਨੂੰ ਛੱਡ ਕੇ ਹਰ ਕੋਈ ਜਾਣਦਾ ਹੈ ਕਿ ਭਾਰਤ ਦੀ ਆਰਥਿਕਤਾ ‘ਮਰੀ ਹੋਈ’ ਹੈ: ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਛੱਡ ਕੇ ਹਰ ਕੋਈ ਜਾਣਦਾ ਹੈ ਕਿ ਭਾਰਤ ਇੱਕ ਮਰੀ ਹੋਈ ਆਰਥਿਕਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਦੀਆਂ ਆਰਥਿਕ, ਰੱਖਿਆ ਅਤੇ ਵਿਦੇਸ਼ ਨੀਤੀਆਂ ਨੂੰ ਤਬਾਹ ਕਰ ਦਿੱਤਾ ਹੈ।
ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨਾਲ ਵਪਾਰਕ ਸੌਦਾ ਹੋਵੇਗਾ ਅਤੇ ਟਰੰਪ ਇਸ ਨੂੰ ਪਰਿਭਾਸ਼ਿਤ ਕਰਨਗੇ, ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਉਹੀ ਕਰਨਗੇ ਜੋ ਅਮਰੀਕੀ ਰਾਸ਼ਟਰਪਤੀ ਉਨ੍ਹਾਂ ਨੂੰ ਕਰਨ ਲਈ ਕਹਿਣਗੇ। ਗਾਂਧੀ ਦੀਆਂ ਇਹ ਟਿੱਪਣੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ 25 ਫੀਸਦੀ ਟੈਕਸ ਅਤੇ ਜੁਰਮਾਨੇ ਲਗਾਉਣ ਅਤੇ ਭਾਰਤ ਤੇ ਰੂਸ ਨੂੰ ਮਰੀਆਂ ਹੋਈਆਂ ਅਰਥਵਿਵਸਥਾਵਾਂ ਕਹਿਣ ਤੋਂ ਬਾਅਦ ਆਈਆਂ ਹਨ।
ਭਾਰਤੀ ਅਰਥਵਿਵਸਥਾ ਬਾਰੇ ਟਰੰਪ ਦੀ ਆਲੋਚਨਾ ਬਾਰੇ ਪੁੱਛੇ ਜਾਣ ’ਤੇ ਗਾਂਧੀ ਨੇ ਕਿਹਾ, ‘‘ਉਹ ਸਹੀ ਹਨ, ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਛੱਡ ਕੇ ਇਹ ਗੱਲ ਹਰ ਕੋਈ ਜਾਣਦਾ ਹੈ। ਹਰ ਕੋਈ ਜਾਣਦਾ ਹੈ ਕਿ ਭਾਰਤੀ ਅਰਥਵਿਵਸਥਾ ਇੱਕ ਮਰੀ ਹੋਈ ਆਰਥਿਕਤਾ ਹੈ। ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਤੱਥ ਅਧਾਰਤ ਬਿਆਨ ਕੀਤਾ ਹੈ।’’
ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਅਰਬਪਤੀ ਗੌਤਮ ਅਡਾਨੀ ਦੀ ਮਦਦ ਕਰਨ ਲਈ ਭਾਰਤੀ ਅਰਥਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਵਿਦੇਸ਼ ਮੰਤਰੀ ਭਾਸ਼ਣ ਦਿੰਦੇ ਹਨ ਕਿ ਸਾਡੀ ਵਿਦੇਸ਼ ਨੀਤੀ ਬਹੁਤ ਸ਼ਾਨਦਾਰ ਹੈ। ਇੱਕ ਪਾਸੇ, ਅਮਰੀਕਾ ਤੁਹਾਡਾ ਅਪਮਾਨ ਕਰ ਰਿਹਾ ਹੈ ਅਤੇ ਦੂਜੇ ਪਾਸੇ ਚੀਨ ਪਿੱਛੇ ਪਿਆ ਹੈ ਅਤੇ ਤੀਜਾ, ਜਦੋਂ ਤੁਸੀਂ ਦੁਨੀਆ ਭਰ ਵਿੱਚ ਵਫ਼ਦ ਭੇਜਦੇ ਹੋ ਤਾਂ ਕੋਈ ਵੀ ਦੇਸ਼ ਪਾਕਿਸਤਾਨ ਦੀ ਨਿੰਦਾ ਨਹੀਂ ਕਰਦਾ। ਉਹ ਦੇਸ਼ ਕਿਵੇਂ ਚਲਾ ਰਹੇ ਹਨ? ਉਨ੍ਹਾਂ ਨੂੰ ਦੇਸ਼ ਚਲਾਉਣਾ ਨਹੀਂ ਆਉਂਦਾ।’’