ਸੀਵਰੇਜ ਦੀ ਗੈਸ ਚੜ੍ਹਨ ਕਾਰਨ ਕਰਮਚਾਰੀ ਦੀ ਮੌਤ
ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਨੇੜੇ ਸੀਵਰੇਜ ਦੀ ਸਫਾਈ ਕਰਦੇ ਸਮੇਂ ਚਾਰ ਸਫ਼ਾਈ ਕਰਮਚਾਰੀ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆ ਗਏ। ਇਸ ਸਫ਼ਾਈ ਦੌਰਾਨ ਖਤਰਨਾਕ ਗੈਸ ਕਰਮਚਾਰੀਆਂ ਨੂੰ ਚੜ੍ਹ ਗਈ, ਜਿਸ ਕਾਰਨ ਇੱਕ ਕਰਮਚਾਰੀ ਅਰਵਿੰਦ (40) ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦਿੱਲੀ ਪੁਲੀਸ ਅਨੁਸਾਰ ਮੁਢਲੀ ਜਾਂਚ ਦੇ ਆਧਾਰ ’ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਦੇਰ ਰਾਤ ਅਸ਼ੋਕ ਵਿਹਾਰ ਖੇਤਰ ਵਿੱਚ ਵਾਪਰੀ ਜਦੋਂ ਇੱਕ ਅਪਾਰਟਮੈਂਟ ਦੇ ਨੇੜੇ ਸੀਵਰ ਦੀ ਸਫਾਈ ਕੀਤੀ ਜਾ ਰਹੀ ਸੀ। ਚਾਰ ਸਫਾਈ ਕਰਮਚਾਰੀ ਅਚਾਨਕ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਗਏ। ਅਰਵਿੰਦ (40) ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬਿਮਾਰ ਹੋ ਗਏ। ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਮੁਸ਼ਕਲ ਹੋਣ ਲੱਗੀ। ਬੇਹੋਸ਼ੀ ਦਾ ਹਾਲਤ ’ਚ ਜਾਂਦਾ ਦੇਖ ਉਨ੍ਹਾਂ ਨੂੰ ਤੁਰੰਤ ਸਥਾਨਕ ਲੋਕਾਂ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲੀਸ ਅਨੁਸਾਰ 16 ਸਤੰਬਰ ਨੂੰ ਰਾਤ 11:36 ਵਜੇ, ਹਰਿਹਰ ਅਪਾਰਟਮੈਂਟ, ਅਸ਼ੋਕ ਵਿਹਾਰ ਫੇਜ਼-2 ਦੇ ਨੇੜੇ ਸੀਵਰ ਦੀ ਸਫਾਈ ਸਬੰਧੀ ਸੂਚਨਾ ਮਿਲੀ ਕਿ ਚਾਰ ਲੋਕ ਸੀਵਰ ਵਿੱਚ ਡਿੱਗ ਗਏ ਹਨ। ਪੁਲੀਸ ਮੌਕੇ ’ਤੇ ਪੁੱਜੀ ਚਾਰਾਂ ਨੂੰ ਡੀ.ਡੀ.ਯੂ. ਹਸਪਤਾਲ ਲਿਜਾਇਆ ਗਿਆ। ਅਰਵਿੰਦ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤਿੰਨ ਹੋਰ ਸੋਨੂੰ, ਨਾਰਾਇਣ ਦੋਵੇਂ ਉੱਤਰ ਪ੍ਰਦੇਸ਼ ਦੇ ਕਾਸਗੰਜ ਦੇ ਨਿਵਾਸੀ ਅਤੇ ਨਰੇਸ਼ ਨਿਵਾਸੀ ਬਿਹਾਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਆਈ.ਸੀ.ਯੂ. ਵਿੱਚ ਦਾਖ਼ਲ ਕਰਵਾਇਆ ਗਿਆ।
ਮੌਕੇ ’ਤੇ ਪਹੁੰਚੀ ਪੁਲੀਸ ਦੀ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਬ੍ਰਿਜਗੋਪਾਲ ਕੰਸਟ੍ਰਕਸ਼ਨ ਕੰਪਨੀ ਦੇ ਮੈਨੇਜਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਲਾਕੇ ਵਿੱਚ ਕਈ ਦਿਨਾਂ ਤੋਂ ਸੀਵਰ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਸੀ।