ਗੁਰੂ ਤੇਗ ਬਹਾਦਰ ਦੇ ਉਪਦੇਸ਼ਾਂ ਤੋਂ ਸੇਧ ਲੈਣ ਦੀ ਲੋੜ ’ਤੇ ਜ਼ੋਰ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਇੱਕ ਰੋਜ਼ਾ ਸੈਮੀਨਾਰ ਦਾ ਸਦਨ ਦੇ ਕਾਨਫਰੰਸ ਹਾਲ ’ਚ ਕੀਤਾ ਗਿਆ। ਉਦਘਾਟਨੀ ਸੰਬੋਧਨ ’ਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਅਕੀਦਤ ਭੇਟ ਕੀਤੀ। ਉਨ੍ਹਾਂ ਕਿਹਾ ਗੁਰੂ ਜੀ ਦਾ ਬਲਿਦਾਨ ਧਰਮ ਦੀ ਆਜ਼ਾਦੀ ਅਤੇ ਭਾਰਤੀ ਸੱਭਿਆਚਾਰ ਦੀ ਰੱਖਿਆ ਲਈ ਸੀ। ਉਨ੍ਹਾਂ ਦੀ ਕੁਰਬਾਨੀ ਤੋਂ ਭਾਰਤ ਦੀ ਆਜ਼ਾਦੀ ਅਤੇ ਮਜ਼ਬੂਤੀ ਦਾ ਰਾਹ ਖੁੱਲ੍ਹਿਆ। ਸ੍ਰੀ ਕੋਵਿੰਦ ਅਨੁਸਾਰ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਸਾਹਿਬ ਦੀ ਸ਼ਾਂਤਮਈ ਕੁਰਬਾਨੀ ਦਾ ਜ਼ਿਕਰ ਅੱਜ ਦੇ ਹਾਲਾਤ ਦੇ ਪ੍ਰਸੰਗ ’ਚ ਕੀਤਾ ਅਤੇ ਇਸ ਨੂੰ ਸਰਬਵਿਆਪੀ ਪੱਧਰ ’ਤੇ ਉਜਾਗਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਗੁਰੂ ਸਾਹਿਬ ਨੂੰ ਹਿੰਦੂ-ਸਿੱਖ ਏਕਤਾ ਦੇ ਪ੍ਰਤੀਕ ਕਹਿੰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਉਜਾਗਰ ਕੀਤਾ ਅਤੇ ਉਸ ਵੇਲੇ ਦੇ ਗੁਰ ਇਤਿਹਾਸ ਨਾਲ ਸਾਂਝ ਪਾਈ। ਸਾਬਕਾ ਡਿਪਲੋਮੈਟ ਅਤੇ ਉਘੇ ਵਿਦਵਾਨ ਅੰਬੈਸਡਰ ਨਵਤੇਜ ਸਰਨਾ ਨੇ ਗੁਰੂ ਜੀ ਦੀ ਸ਼ਹਾਦਤ ’ਚੋਂ ਪੈਦਾ ਹੁੰਦੇ ਸੰਦੇਸ਼ ਦਾ ਜ਼ਿਕਰ ਕੀਤਾ। ਪ੍ਰੋਗਰਾਮ ਦਾ ਆਰੰਭ ਰਾਸ਼ਟਰੀ ਗੀਤ ਅਤੇ ਸ਼ਬਦ ਗਾਇਨ ਨਾਲ ਹੋਇਆ। ਉਪਰੰਤ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਪ੍ਰਮੁੱਖ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਸਭ ਦਾ ਸਵਾਗਤ ਕੀਤਾ। ਸਦਨ ਦੇ ਸੀਨੀਅਰ ਮੀਤ ਪ੍ਰਧਾਨ ਜੀ ਬੀ ਐੱਸ ਸਿੱਧੂ ਨੇ ਰਾਮ ਨਾਥ ਕੋਵਿੰਦ ਦਾ ਸਨਮਾਨ ਕੀਤਾ ਅਤੇ ਗੁਰਸ਼ਰਨ ਕੌਰ ਨੇ ਸਵਿਤਾ ਕੋਵਿੰਦ ਦਾ ਸਨਮਾਨ ਕੀਤਾ। ਉਪਰੰਤ ਰਾਮ ਨਾਥ ਕੋਵਿੰਦ ਨੇ ਗੁਰੂ ਸਾਹਿਬ ਸਬੰਧੀ ਸਦਨ ਵਲੋਂ ਪ੍ਰਕਾਸ਼ਿਤ ਨਵੀਂ ਪ੍ਰਕਾਸ਼ਨਾਵਾਂ ਦੇ ਲੇਖਕ ਡਾ. ਮਨਮੋਹਨ ਅਤੇ ਡਾ. ਧਰਮ ਸਿੰਘ ਅਤੇ ਭਾਈ ਰੂਪ ਚੰਦ ਦੇ ਪਰਿਵਾਰ ਨਾਲ ਸਬੰਧਤ ਗੁਰਪ੍ਰੀਤ ਸਿੰਘ ਦਾ ਸਨਮਾਨ ਕੀਤਾ। ਪਹਿਲੇ ਸੈਸ਼ਨ ’ਚ ਪ੍ਰੋ. ਇੰਦੂ ਬਾਂਗਾਂ ਨੇ ਆਪਣੇ ਆਨਲਾਈਨ ਕੁੰਜੀਵਤ ਭਾਸ਼ਣ ’ਚ ਗੁਰੂ ਸਾਹਿਬ ਦੇ ਇਤਿਹਾਸ-ਦਰਸ਼ਨ ਨਾਲ ਸਾਂਝ ਪਾਉਂਦਿਆਂ ਉਨ੍ਹਾਂ ਦੇ ਤਕਰੀਬਨ 46 ਹੁਕਮਨਾਮੇ ਅਤੇ ਯਾਤਰਾਵਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਇਸ ਸੈਸ਼ਨ ਦੀ ਪ੍ਰਧਾਨਗੀ ਅੰਬੈਸਡਰ ਕੇ. ਸੀ. ਸਿੰਘ ਨੇ ਕੀਤੀ। ਦੂਜੇ ਸੈਸ਼ਨ ਦੀ ਪ੍ਰਧਾਨਗੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕੀਤੀ। ਤੀਜੇ ਸੈਸ਼ਨ ਦੀ ਪ੍ਰਧਾਨਗੀ ਦਿ ਇੰਡੀਅਨ ਐਕਸਪ੍ਰੈੱਸ ਦੇ ਰੈਜ਼ੀਡੈਂਟ ਐਡੀਟਰ ਮਨਰਾਜ ਗਰੇਵਾਲ ਨੇ ਕੀਤੀ। ਅਖੀਰਲੇ ਸੈਸ਼ਨ ’ਚ ਪੰਜਾਬ ਦੇ ਸਾਬਕਾ ਚੀਫ਼ ਸਕੱਤਰ ਰਮੇਸ਼ ਇੰਦਰ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਸਿਧਾਂਤਾਂ ’ਤੇ ਰੌਸ਼ਨੀ ਪਾਈ। ਅੰਤ ਵਿੱਚ ਸਦਨ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਪੂਰੇ ਪ੍ਰੋਗਰਾਮ ਦੀ ਰਿਪੋਰਟ ਪੇਸ਼ ਕਰਦਿਆਂ ਸਭ ਦਾ ਧੰਨਵਾਦ ਕੀਤਾ।
