ਚੋਣ ਕਮਿਸ਼ਨ ਵੱਲੋਂ ਬਿਹਾਰ ਦੀ ਅੰਤਿਮ ਵੋਟਰ ਸੂਚੀ ਜਾਰੀ; 7.42 ਕਰੋੜ ਵੋਟਰ ਪਾਉਣਗੇ ਵੋਟ
Bihar SIRਚੋਣ ਕਮਿਸ਼ਨ ਨੇ ਬਿਹਾਰ ਵਿਚ ਵਿਸ਼ੇਸ਼ ਮੁੜ ਸੁਧਾਈ ਐਸਆਈਆਰ ਦੀ ਅੰਤਿਮ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਬਿਹਾਰ ਵਿਚ ਰਜਿਸਟਰਡ ਵੋਟਰਾਂ ਦੀ ਗਿਣਤੀ 7.42 ਕਰੋੜ ਹੋ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ 21.53 ਲੱਖ ਯੋਗ ਵੋਟਰਾਂ ਨੂੰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਸੂਬੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਪੜਤਾਲ (ਐੱਸ ਆਈ ਆਰ) ਜੂਨ ’ਚ ਸ਼ੁਰੂ ਹੋਣ ਮਗਰੋਂ ਇਸ ’ਚ 47 ਲੱਖ ਤੋਂ ਵੱਧ ਵੋਟਰ ਘਟੇ ਹਨ। ਉਂਝ ਅੰਤਿਮ ਅੰਕੜਾ ਅਗਸਤ ’ਚ ਜਾਰੀ ਖਰੜਾ ਸੂਚੀ (7.24 ਕਰੋੜ) ਨਾਲੋਂ ਜ਼ਿਆਦਾ ਹੈ ਜਿਸ ’ਚ ਮੌਤ, ਪਰਵਾਸ ਅਤੇ ਵੋਟਰਾਂ ਦੇ ਨਾਂ ਦੁਹਰਾਏ ਜਾਣ ਸਮੇਤ ਹੋਰ ਕਾਰਨਾਂ ਕਰਕੇ ਮੂਲ ਸੂਚੀ ’ਚੋਂ 65 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ।
ਚੋਣ ਕਮਿਸ਼ਨ ਅਨੁਸਾਰ ਐਸਆਈਆਰ ਦੀ ਪ੍ਰਕਿਰਿਆ ਇਸ ਸਾਲ 25 ਜੂਨ ਨੂੰ ਸ਼ੁਰੂ ਕੀਤੀ ਗਈ ਸੀ। ਇਸ ਵਿਚ 7.89 ਕਰੋੜ ਰਜਿਸਟਰਡ ਵੋਟਰਾਂ ਤੋਂ ਮੁੜ ਫਾਰਮ ਭਰਵਾਏ ਗਏ ਸਨ। ਇਸ ਤੋਂ ਬਾਅਦ ਪਹਿਲੀ ਅਗਸਤ ਨੂੰ ਸੂਚੀ ਜਾਰੀ ਕੀਤੀ ਗਈ ਜਿਸ ਵਿਚ 65 ਲੱਖ ਵੋਟਰਾਂ ਦੇ ਨਾਂ ਕੱਟ ਦਿੱਤੇ ਗਏ। ਚੋਣ ਕਮਿਸ਼ਨ ਵਲੋਂ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ ਸੂਬੇ ਵਿਚ ਚੋਣ ਗਤੀਵਿਧੀਆਂ ਤੇਜ਼ ਹੋ ਜਾਣਗੀਆਂ।
ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਨੇ ਅੱਜ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਐੱਸ ਆਈ ਆਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰਨ ਦੀ ਜਾਣਕਾਰੀ ਦਿੱਤੀ । -ਪੀਟੀਆਈ
