‘ਵੋਟ ਚੋਰਾਂ’ ਨੂੰ ਬਚਾਅ ਰਿਹੈ ਮੁੱਖ ਚੋਣ ਕਮਿਸ਼ਨਰ: ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ’ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਕਿ ਉਹ ‘ਵੋਟ ਚੋਰੀ’ ਲਈ ਵੋਟਰਾਂ ਦੇ ਨਾਮ ਥੋਕ ਵਿੱਚ ਮਿਟਾ ਕੇ ‘ਕੇਂਦਰੀਕ੍ਰਿਤ ਤਰੀਕੇ ਨਾਲ ਕੀਤੇ ਅਪਰਾਧ’ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਗਾਂਧੀ ਨੇ ਕਰਨਾਟਕ ਸੀਆਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਜਾਂਚ ਦੇ ਨਤੀਜੇ ਵਜੋਂ ਪਹਿਲਾਂ ਹੀ ਇੱਕ ਐਫਆਈਆਰ ਦਰਜ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀ(ਸੀਆਈਡੀ) ਨੇ 18 ਮਹੀਨਿਆਂ ਵਿੱਚ 18 ਵਾਰ ਚੋਣ ਕਮਿਸ਼ਨ ਤੋਂ ਆਈਪੀ ਐਡਰੈੱਸ, ਡਿਵਾਈਸ ਪੋਰਟ ਅਤੇ ਓਟੀਪੀ ਟ੍ਰੇਲ ਜਿਹੇ ਅਹਿਮ ਤਕਨੀਕੀ ਵੇਰਵੇ ਮੰਗੇ, ਪਰ ਕਮਿਸ਼ਨ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ।
ਗਾਂਧੀ ਨੇ ਦੋਸ਼ ਲਗਾਇਆ, ‘‘ਉਹ ਇਹ ਜਾਣਕਾਰੀ ਕਿਉਂ ਨਹੀਂ ਦੇ ਰਹੇ ਹਨ? ਕਿਉਂਕਿ ਇਹ ਤੁਹਾਨੂੰ ਸਿੱਧੇ ਉਸ ਜਗ੍ਹਾ ’ਤੇ ਲੈ ਜਾਵੇਗਾ ਜਿੱਥੋਂ ਕਾਰਵਾਈ ਚਲਾਈ ਜਾ ਰਹੀ ਹੈ।’’ ਕਾਂਗਰਸੀ ਆਗੂ ਨੇ ਕਿਹਾ ਕਿ ਕਥਿਤ ਵੋਟਰਾਂ ਨੂੰ ਮਿਟਾਉਣਾ ਅਸਲ ਵਿਚ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਅਤੇ ਓਬੀਸੀ ਨੂੰ ‘ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਉਣਾ’ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਕੋਈ’ ਤਾਂ ਹੈ ਜੋ ਇਕ ਸੂਬੇ ਤੋਂ ਬਾਅਦ ਦੂਜੇ ਵਿਚ ਵਿਰੋਧੀ ਧਿਰਾਂ ਦੀਆਂ ਵੋਟਾਂ ਮਿਟਾਉਣ ਲਈ ਇਸ ਪੂਰੇ ਅਮਲ ਨੂੰ ਹਾਈਜੈਕ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਪ੍ਰੈੱਸ ਕਾਨਫਰੰਸ ਐੱਚ-ਬੰਬ ਬਾਰੇ ਨਹੀਂ ਹੈ, ਬਲਕਿ ਇਹ ਦਰਸਾਉਣ ਲਈ ਸੱਦੀ ਹੈ ਕਿ ਚੋਣਾਂ ਵਿੱਚ ਕਿਵੇਂ ਧਾਂਦਲੀ ਕੀਤੀ ਜਾ ਰਹੀ ਹੈ।’’
ਕਰਨਾਟਕ ਦੇ ਆਲੰਦ ਵਿਚ 2023 ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਗਾਂਧੀ ਨੇ ਦਾਅਵਾ ਕੀਤਾ ਕਿ ਵੋਟਾਂ ਕਟਾਉਣ/ਮਿਟਾਉਣ ਲਈ 6,018 ਅਰਜ਼ੀਆਂ ਨਕਲ ਅਤੇ ਸਵੈਚਾਲਿਤ ਪ੍ਰਣਾਲੀਆਂ ਰਾਹੀਂ ਦਾਇਰ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ ਇਸ ਲਈ ਸਾਹਮਣੇ ਆਇਆ ਕਿਉਂਕਿ ਇੱਕ ਬੂਥ ਪੱਧਰੀ ਅਧਿਕਾਰੀ ਨੇ ਦੇਖਿਆ ਕਿ ਉਸ ਦੇ ਚਾਚੇ ਦਾ ਨਾਮ ਸੂਚੀਆਂ ਵਿੱਚੋਂ ਗਾਇਬ ਸੀ। ਉਸ ਨੇ ਬਿਨੈਕਾਰ ਵਜੋਂ ਸੂਚੀਬੱਧ ਇੱਕ ਗੁਆਂਢੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਸ ਨੂੰ ਵੋਟਰ ਵਜੋਂ ਨਾਂ ਮਿਟਾਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਗਾਂਧੀ ਨੇ ਕਿਹਾ, ‘‘ਨਾ ਤਾਂ ਉਸ ਵਿਅਕਤੀ ਨੂੰ ਪਤਾ ਸੀ ਜਿਸ ਉੱਤੇ ਵੋਟ ਮਿਟਾਉਣ ਦਾ ਦੋਸ਼ ਹੈ ਤੇ ਨਾ ਹੀ ਉਸ ਵੋਟਰ ਨੂੰ ਜਿਸ ਨਾ ਨਾਮ ਹਟਾਇਆ ਗਿਆ ਸੀ। ਕਿਸੇ ਹੋਰ ਤਾਕਤ ਨੇ ਪੂਰੇ ਅਮਲ ਨੂੰ ਹਾਈਜੈਕ ਕਰ ਲਿਆ ਸੀ।’’
ਉਨ੍ਹਾਂ ਇਸ ਪੂਰੀ ਕਾਰਜ ਪ੍ਰਣਾਲੀ ਨੂੰ ਸਮਝਾਉਣ ਲਈ ਮਿਸਾਲਾਂ ਵੀ ਪੇਸ਼ ਕੀਤੀਆਂ। ਇੱਕ ਮਾਮਲੇ ਵਿੱਚ 63 ਸਾਲਾ ਗੋਦਾਬਾਈ ਦੇ ਨਾਮ ’ਤੇ ਫਰਜ਼ੀ ਲੌਗਇਨ ਬਣਾਇਆ ਗਿਆ ਤਾਂ ਕਿ 12 ਵੋਟਰਾਂ ਦੇ ਨਾਂ ਹਟਾਏ ਜਾ ਸਕਣ। ਹਾਲਾਂਕਿ ਇਸ ਕੋਸ਼ਿਸ਼ ਨੂੰ ਸਮੇਂ ਸਿਰ ਰੋਕ ਦਿੱਤਾ ਗਿਆ ਸੀ। ਗਾਂਧੀ ਨੇ ਕਿਹਾ, ‘‘ਉਸ ਬਿਰਧ ਮਹਿਲਾ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇੰਨਾ ਕੁਝ ਹੋ ਰਿਹਾ ਹੈ। ਕਰਨਾਟਕ ਤੋਂ ਬਾਹਰਲੇ ਮੋਬਾਈਲ ਨੰਬਰ ਵਰਤੇ ਗਏ ਸਨ, ਇਹ ਕਿਸ ਦੇ ਨੰਬਰ ਸਨ, ਅਤੇ OTP ਕੌਣ ਤਿਆਰ ਕਰ ਰਿਹਾ ਸੀ?’’
ਇੱਕ ਹੋਰ ਮਿਸਾਲ ਸੂਰਿਆਕਾਂਤ ਨਾਮ ਦੇ ਇੱਕ ਵਿਅਕਤੀ ਦੀ ਸੀ, ਜਿਸ ਬਾਰੇ ਗਾਂਧੀ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਨਾਮ ’ਤੇ ਸਿਰਫ਼ 14 ਮਿੰਟਾਂ ਵਿੱਚ 12 Deletion ਦਾਇਰ ਕੀਤੇ ਗਏ ਸਨ। ਉਸ ਨੂੰ ਬਬੀਤਾ ਦੇ ਨਾਲ ਸਟੇਜ ’ਤੇ ਬੁਲਾਇਆ ਗਿਆ ਸੀ, ਜਿਸ ਦਾ ਨਾਮ ਕਥਿਤ ਤੌਰ ’ਤੇ ਉਸ ਦੀ ਚੋਰੀ ਕੀਤੀ ਗਈ ਪਛਾਣ ਰਾਹੀਂ ਕੱਟ ਦਿੱਤਾ ਗਿਆ ਸੀ।
ਸੂਰਿਆਕਾਂਤ ਨੇ ਕਿਹਾ, ‘‘ਮੈਨੂੰ ਕਦੇ ਕੋਈ ਸੁਨੇਹਾ ਨਹੀਂ ਮਿਲਿਆ, ਮੈਂ ਕਦੇ ਕੋਈ Deletion ਦਾਇਰ ਨਹੀਂ ਕੀਤੀ। ਬਬੀਤਾ ਨੇ ਮੈਨੂੰ ਬਾਅਦ ਵਿੱਚ ਹੀ ਦੱਸਿਆ।’’ ਇੱਕ ਤੀਜਾ ਮਾਮਲਾ ਨਾਗਰਾਜ ਨਾਮ ਦੇ ਇੱਕ ਵਿਅਕਤੀ ਨਾਲ ਸਬੰਧਤ ਹੈ, ਜਿਸ ਦੇ ਨਾਮ ’ਤੇ ਸਵੇਰੇ 4 ਵਜੇ 36 ਸਕਿੰਟਾਂ ਦੇ ਅੰਦਰ ਦੋ ਡਿਲੀਸ਼ਨ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ। ਗਾਂਧੀ ਨੇ ਕਿਹਾ, ‘‘ਇਹ ਮਨੁੱਖੀ ਤੌਰ ’ਤੇ ਅਸੰਭਵ ਹੈ।’’
ਗਾਂਧੀ ਨੇ ਦਾਅਵਾ ਕੀਤਾ ਕਿ ਵੋਟਾਂ ਮਿਟਾਉਣ ਦੀਆਂ ਕਾਰਵਾਈਆਂ ਕਾਂਗਰਸ ਦੇ ਗੜ੍ਹਾਂ ਵਿੱਚ ਕੇਂਦਰਿਤ ਸਨ। ਉਨ੍ਹਾਂ ਕਿਹਾ,‘‘ਸਿਖਰਲੇ 10 ਬੂਥ ਜਿੱਥੇ ਸਭ ਤੋਂ ਵੱਧ ਡਿਲੀਸ਼ਨ ਅਰਜ਼ੀਆਂ ਆਈਆਂ ਕਾਂਗਰਸ ਦੇ ਗੜ੍ਹ ਸਨ, ਅਤੇ ਅਸੀਂ 2018 ਵਿੱਚ ਉਨ੍ਹਾਂ ਵਿੱਚੋਂ ਅੱਠ ਜਿੱਤੇ ਸੀ। ਇਹ ਕੋਈ ਇਤਫ਼ਾਕ ਨਹੀਂ ਸੀ, ਇਹ ਇੱਕ ਯੋਜਨਾਬੱਧ ਕਾਰਵਾਈ ਸੀ।’’
ਗਾਂਧੀ ਮੁਤਾਬਕ ‘ਵੋਟਾਂ ਮਿਟਾਉਣਾ ਵਿਅਕਤੀਆਂ ਦਾ ਕੰਮ ਨਹੀਂ ਸੀ ਬਲਕਿ ਵਿਸ਼ੇਸ਼ ਸਾਫਟਵੇਅਰ ਦਾ ਕੰਮ ਸੀ ਜਿਸ ਨੇ ਵੋਟਰ ਸੂਚੀਆਂ ਤੋਂ ਕ੍ਰਮਵਾਰ ਨਾਮ ਲਏ ਅਤੇ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਨਕਲ ਕਰਨ ਲਈ ਵਰਤਿਆ। ਉਨ੍ਹਾਂ ਕਿਹਾ, ‘‘ਸਭ ਕੁਝ ਸਾਫ ਹੈ, ਅਜਿਹਾ ਸਬੂਤ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਮੁੱਖ ਚੋਣ ਕਮਿਸ਼ਨਰ ਵੋਟ ਚੋਰਾਂ ਨੂੰ ਬਚਾ ਰਹੇ ਹਨ।’’