ਈਡੀ ਵੱਲੋਂ ਹਸਪਤਾਲ ਉਸਾਰੀ ‘ਘੁਟਾਲੇ’ ਵਿਚ ‘ਆਪ’ ਆਗੂ ਸੌਰਭ ਭਾਰਦਵਾਜ ਦੇ ਟਿਕਾਣਿਆਂ ’ਤੇ ਛਾਪੇ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿੱਚ ਕਥਿਤ ਹਸਪਤਾਲ ਨਿਰਮਾਣ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੀ ਰਿਹਾਇਸ਼ ਸਮੇਤ ਕਈ ਥਾਵਾਂ ’ਤੇ ਛਾਪੇ ਮਾਰੇ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿ ਟ੍ਰਿਬਿਊਨ ਨੂੰ ਦੱਸਿਆ, "ਦਿੱਲੀ-ਐਨਸੀਆਰ ਵਿੱਚ ਇਸ ਸਮੇਂ 13 ਥਾਵਾਂ ’ਤੇ ਛਾਪੇਮਾਰੀ ਜਾਰੀ ਹੈ।’’
ਇਹ ਛਾਪੇ ਦਿੱਲੀ ਪੁਲੀਸ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਵੱਲੋਂ ਦਾਇਰ ਐਫਆਈਆਰ ਦੇ ਆਧਾਰ 'ਤੇ ਦਰਜ ਐੱਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਨਾਲ ਜੁੜੇ ਹਨ। ਐਫਆਈਆਰ ਵਿੱਚ ਦਿੱਲੀ ਸਰਕਾਰ ਦੇ ਸਾਬਕਾ ਸਿਹਤ ਮੰਤਰੀਆਂ, ਨਿੱਜੀ ਠੇਕੇਦਾਰਾਂ ਅਤੇ ਅਣਪਛਾਤੇ ਅਧਿਕਾਰੀਆਂ ਨੂੰ ਬੇਨਿਯਮੀਆਂ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਨਾਮਜ਼ਦ ਕੀਤਾ ਗਿਆ ਹੈ।
ਤਫ਼ਤੀਸ਼ਕਾਰਾਂ ਅਨੁਸਾਰ ਇਹ ਮਾਮਲਾ ਕੌਮੀ ਰਾਜਧਾਨੀ ਖੇਤਰ ਦਿੱਲੀ (GNCTD) ਸਰਕਾਰ ਦੇ ਅਧੀਨ ਸਿਹਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ, ਲਾਗਤ ਵਿੱਚ ਅਣਅਧਿਕਾਰਤ ਵਾਧੇ, ਅਣਅਧਿਕਾਰਤ ਨਿਰਮਾਣ ਅਤੇ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ।
ਈਡੀ ਟੀਮਾਂ ਭਾਰਦਵਾਜ ਦੇ ਟਿਕਾਣਿਆਂ ਦੇ ਨਾਲ-ਨਾਲ ਨਿੱਜੀ ਠੇਕੇਦਾਰਾਂ ਦੇ ਅਹਾਤਿਆਂ ਦੀ ਵੀ ਜਾਂਚ ਕਰ ਰਹੀਆਂ ਹਨ ਤਾਂ ਜੋ ਹਸਪਤਾਲ ਦੇ ਨਿਰਮਾਣ ਲਈ ਰੱਖੇ ਗਏ ਜਨਤਕ ਫੰਡਾਂ ਦੀ ਸ਼ੱਕੀ ਡਾਇਵਰਸ਼ਨ ਅਤੇ ਲਾਂਡਰਿੰਗ ਦਾ ਪਤਾ ਲਗਾਇਆ ਜਾ ਸਕੇ।
ਇਹ ਮਾਮਲਾ ਸ਼ੁਰੂ ਵਿੱਚ ਵਿਰੋਧੀ ਧਿਰ ਦੇ ਤਤਕਾਲੀ ਆਗੂ ਅਤੇ ਮੌਜੂਦਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੀ ਸ਼ਿਕਾਇਤ ਨਾਲ ਸ਼ੁਰੂ ਹੋਇਆ ਸੀ, ਜਿਸ ਵਿੱਚ 'ਆਪ' ਦੀ ਅਗਵਾਈ ਵਾਲੀ ਸਰਕਾਰ ਅਧੀਨ ਹਸਪਤਾਲ ਪ੍ਰੋਜੈਕਟਾਂ ਵਿੱਚ ਗੰਭੀਰ ਬੇਨਿਯਮੀਆਂ ਦਾ ਜ਼ਿਕਰ ਕੀਤਾ ਗਿਆ ਸੀ।
ਇਹ ਦੋਸ਼ ਲਗਾਇਆ ਗਿਆ ਹੈ ਕਿ 2018-19 ਦਰਮਿਆਨ 5,590 ਕਰੋੜ ਦੇ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਉਹ ਵੱਡੇ ਪੱਧਰ ’ਤੇ ਅਧੂਰੇ ਹਨ, ਜਿਸ ਵਿੱਚ ਲਾਗਤ ਖਰਚੇ ਵਿਚ ਅਣਅਧਿਕਾਰਤ ਵਾਧਾ ਹੋਇਆ ਹੈ। ਇਸੇ ਤਰ੍ਹਾਂ 1,125 ਕਰੋੜ ਦਾ ਆਈਸੀਯੂ ਹਸਪਤਾਲ ਪ੍ਰੋਜੈਕਟ - ਜਿਸ ਵਿੱਚ 6,800 ਬਿਸਤਰਿਆਂ ਵਾਲੀਆਂ ਸੱਤ ਪ੍ਰੀ-ਇੰਜਨੀਅਰਡ ਸਹੂਲਤਾਂ ਸ਼ਾਮਲ ਹਨ -800 ਕਰੋੜ ਦੇ ਖਰਚੇ ਅਤੇ ਕਰੀਬ ਤਿੰਨ ਸਾਲ ਪਹਿਲਾਂ ਛੇ ਮਹੀਨਿਆਂ ਦੀ ਅਸਲ ਸਮਾਂ ਸੀਮਾ ਦੇ ਬਾਵਜੂਦ ਸਿਰਫ 50 ਫੀਸਦ ਪੂਰਾ ਹੋਇਆ ਹੈ।
ਉਧਰ ਆਮ ਆਦਮੀ ਪਾਰਟੀ (ਆਪ) ਨੇ ਛਾਪਿਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। 'ਆਪ' ਨੇ ਕਿਹਾ ਕਿ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਲਜ ਡਿਗਰੀ ਨਾਲ ਜੁੜੇ ਵਿਵਾਦ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਸੀ।
'ਆਪ' ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਇਹ ਕੇਸ ਦਾਇਰ ਕੀਤਾ ਗਿਆ ਸੀ ਤਾਂ ਭਾਰਦਵਾਜ ਮੰਤਰੀ ਵੀ ਨਹੀਂ ਸਨ। ਉਨ੍ਹਾਂ ਕਿਹਾ, ‘‘ਪੂਰਾ ਕੇਸ ਝੂਠਾ ਹੈ। ਸਤੇਂਦਰ ਜੈਨ ਦੇ ਕੇਸ ਤੋਂ ਇਹ ਸਪੱਸ਼ਟ ਹੈ ਕਿ 'ਆਪ' ਨੇਤਾਵਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।’’
‘ਆਪ’ ਆਗੂ ਸੌਰਭ ਭਾਰਦਵਾਜ ਦੀ ਪਿੱਠ ’ਤੇ ਆਏ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ(ਆਤਿਸ਼ ਗੁਪਤਾ): ਮੁੱਖ ਮੰਤਰੀ ਭਗਵੰਤ ਮਾਨ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੌਮੀ ਰਾਜਧਾਨੀ ਵਿੱਚ ਕਥਿਤ ਹਸਪਤਾਲ ਨਿਰਮਾਣ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੀ ਰਿਹਾਇਸ਼ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਖਿਲਾਫ਼ ‘ਆਪ’ ਆਗੂ ਦੇ ਬਚਾਅ ਵਿੱਚ ਨਿੱਤਰੇ ਹਨ।
ਅੱਜ ਸੌਰਭ ਭਾਰਦਵਾਜ 'ਤੇ ਰੇਡ ਕੀਤੀ ਗਈ, ਕਿਉਂਕਿ ਕੱਲ੍ਹ ਤੋਂ ਪੂਰੇ ਦੇਸ਼ ਵਿੱਚ ਮੋਦੀ ਜੀ ਦੀ ਡਿਗਰੀ ਨੂੰ ਲੈ ਚਰਚਾ ਹੈ ਕਿ ਮੋਦੀ ਜੀ ਦੀ ਡਿਗਰੀ ਫ਼ਰਜ਼ੀ ਹੈ। ਇਹ ਰੇਡ ਸਿਰਫ਼ ਇਸ ਮਾਮਲੇ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ।
ਸਤੇਂਦਰ ਜੈਨ ਜੀ ਨੂੰ ਵੀ ਝੂਠੇ ਕੇਸ 'ਚ ਤਿੰਨ ਸਾਲ ਜੇਲ੍ਹ ਵਿੱਚ ਰੱਖਿਆ ਗਿਆ, ਤੇ ਬਾਅਦ 'ਚ CBI ਤੇ ED ਨੇ ਅਦਾਲਤ…
— Bhagwant Mann (@BhagwantMann) August 26, 2025
ਮੁੱਖ ਮੰਤਰੀ ਮਾਨ ਨੇ ਆਪਣੇ ਐਕਸ ਅਕਾਉਂਟ ਉੱਤੇ ਕਿਹਾ ਕਿ ‘‘ਅੱਜ ਸੌਰਭ ਭਾਰਦਵਾਜ ’ਤੇ ਰੇਡ ਕੀਤੀ ਗਈ, ਕਿਉਂਕਿ ਕੱਲ੍ਹ ਤੋਂ ਪੂਰੇ ਦੇਸ਼ ਵਿੱਚ ਮੋਦੀ ਜੀ ਦੀ ਡਿਗਰੀ ਨੂੰ ਲੈ ਚਰਚਾ ਹੈ। ਇਹ ਰੇਡ ਸਿਰਫ਼ ਇਸ ਮਾਮਲੇ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ।’’ ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਸਤੇਂਦਰ ਜੈਨ ਨੂੰ ਵੀ ਝੂਠੇ ਕੇਸ ’ਚ ਤਿੰਨ ਸਾਲ ਜੇਲ੍ਹ ਵਿੱਚ ਰੱਖਿਆ ਗਿਆ, ਪਰ ਬਾਅਦ ਵਿਚ CBI ਤੇ ED ਨੇ ਅਦਾਲਤ ਵਿੱਚ ਇੱਕ ਕਲੋਜ਼ਰ ਰਿਪੋਰਟ ਦਾਇਰ ਕੀਤੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਿਰੁੱਧ ਦਾਇਰ ਕੀਤੇ ਸਾਰੇ ਮਾਮਲੇ ਫ਼ਰਜ਼ੀ ਤੇ ਝੂਠੇ ਹਨ। ਹੁਣ ਕੇਂਦਰ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਮੁੜ ਤੋਂ ਛਾਪੇਮਾਰੀਆਂ ਕਰ ਰਹੀ ਹੈ।