‘ਡੂਸੂ’ ਚੋਣਾਂ: ਲੱਖ ਰੁਪਏ ਬਾਂਡ ਨਿਯਮ ਰੱਦ
ਦਿੱਲੀ ਹਾਈ ਕੋਰਟ ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਚੋਣਾਂ ਵਿੱਚ ਇੱਕ ਲੱਖ ਰੁਪਏ ਦੇ ਬਾਂਡ ਦੀ ਸ਼ਰਤ ਨੂੰ ਰੱਦ ਕਰ ਦਿੱਤਾ ਹੈ। ਖੱਬੀਆਂ ਧਿਰਾਂ ਨੇ ਇਸ ਫੈਸਲੇ ਨੂੰ ਦਿੱਲੀ ਯੂਨੀਵਰਸਿਟੀ ਦੇ ਕੈਂਪ ਅੰਦਰ ਲੋਕਤੰਤਰ ਦੀ ਇੱਕ ਵੱਡੀ ਜਿੱਤ ਕਰਾਰ ਦਿੱਤਾ ਹੈ। ਵਿਦਿਆਰਥੀ ਯੂਨੀਅਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਅਤੇ ਹੋਰ ਜਥੇਬੰਦੀਆਂ ਨੇ ਕਿਹਾ ਕਿ 29 ਅਗਸਤ ਨੂੰ ਸੁਣਾਏ ਉਕਤ ਫ਼ੈਸਲੇ ਨਾਲ ਵਿਦਿਆਰਥੀ ਸੰਗਠਨਾਂ ਦੀ ਭਾਵਨਾ ਲਈ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਹੈ। ਆਇਸਾ ਕਾਰਕੁਨਾਂ ਅੰਜਲੀ ਅਤੇ ਅਭਿਸ਼ੇਕ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਅਤੇ ਕਾਲਜ ਚੋਣਾਂ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਲਈ ਇੱਕ ਲੱਖ ਰੁਪਏ ਦੇ ਬਾਂਡ ਦੀ ਸ਼ਰਤ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ। ਆਇਸਾ ਨੇ ਬਿਆਨ ਵਿੱਚ ਦੱਸਿਆ ਕਿ 23 ਅਗਸਤ ਨੂੰ ਪਟੀਸ਼ਨ ਦਾਇਰ ਕੀਤੀ ਸੀ ਅਤੇ ਅੱਜ ਕੇਸ ਦੀ ਤੀਜੀ ਸੁਣਵਾਈ ਤੋਂ ਬਾਅਦ ਬਾਂਡ ਦੀ ਲੋੜ ਨੂੰ ਰੱਦ ਕਰ ਦਿੱਤਾ ਗਿਆ ਹੈ। ਵਿਦਿਆਰਥੀ ਜਥੇਬੰਦੀਆਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ।